Australia ਇਮੀਗ੍ਰੇਸ਼ਨ ਏਜੰਟ ਵਨੀਤ ਕੌਰ ਚੱਢਾ ‘ਤੇ 5 ਸਾਲਾਂ ਲਈ ਲੱਗਿਆ ਬੈਨ
-ਹੁਣ ਨਹੀਂ ਦੇ ਸਕੇਗੀ ਕੋਈ ਕਾਨੂੰਨੀ ਸਲਾਹ! ਜਾਣੋ ਕੀ ਲੱਗੇ ਆਰੋਪ
ਆਸਟ੍ਰੇਲੀਆ, 20 ਅਪ੍ਰੈਲ 2026 (ਗੁਰਪੁਨੀਤ ਸਿੰਘ ਸਿੱਧੂ ): ਆਸਟ੍ਰੇਲੀਆ ਵਿੱਚ ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਏਜੰਟ ਵਨੀਤ ਕੌਰ ਚੱਢਾ ਦੀ ਰਜਿਸਟ੍ਰੇਸ਼ਨ ਰੱਦ ਕਰਕੇ ਉਨ੍ਹਾਂ ‘ਤੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਵਨੀਤ ਕੌਰ ਚੱਢਾ ‘ਤੇ ਵੀਜ਼ਾ ਧੋਖਾਧੜੀ ਦੇ ਦੋਸ਼ ਲੱਗੇ ਹਨ। ਵਨੀਤ ਕੌਰ ‘ਰੋਇਲ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ’ ਨਾਮ ਦੀ ਕੰਪਨੀ ਰਾਹੀਂ ਪੰਜਾਬ ਸਮੇਤ ਭਾਰਤ ਦੇ ਨੌਜਵਾਨਾਂ ਨੂੰ ਆਸਟ੍ਰੇਲੀਆ ਵਿੱਚ ਵੀਜ਼ਾ ਦਿਵਾਉਂਦੀ ਸੀ।
ਦੋਸ਼ ਹੈ ਕਿ ਉਨ੍ਹਾਂ ਨੇ ਫਰਜ਼ੀ ਦਸਤਾਵੇਜ਼ ਪੇਸ਼ ਕਰਕੇ ਰਜਿਸਟ੍ਰੇਸ਼ਨ ਕਰਵਾਈ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਫਸਾ ਰਹੀ ਸੀ। ਆਸਟ੍ਰੇਲੀਆ ਵਿੱਚ ‘ਆਫਿਸ ਆਫ ਦ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ’ (OMARA) ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਨੀਤ ਨੇ ਨਾ ਸਿਰਫ਼ ਨਿਯਮਾਂ ਨੂੰ ਤੋੜਿਆ, ਸਗੋਂ ਆਸਟ੍ਰੇਲੀਆਈ ਇਮੀਗ੍ਰੇਸ਼ਨ ਸਿਸਟਮ ਨਾਲ ਵੀ ਧੋਖਾ ਕੀਤਾ ਹੈ।
ਹੁਣ ਵਨੀਤ ਚੱਢਾ ਅਗਲੇ 5 ਸਾਲਾਂ ਤੱਕ ਕਿਸੇ ਵੀ ਵਿਅਕਤੀ ਨੂੰ ਆਸਟ੍ਰੇਲੀਆ ਲਈ ਕਾਨੂੰਨੀ ਸਲਾਹ ਜਾਂ ਵੀਜ਼ਾ ਸਹਾਇਤਾ ਨਹੀਂ ਦੇ ਸਕੇਗੀ। ਅਥਾਰਟੀ ਨੇ ਉਨ੍ਹਾਂ ਨੂੰ ਇਸ ਪੇਸ਼ੇ ਲਈ ਇਮਾਨਦਾਰ ਅਤੇ ਯੋਗ ਨਹੀਂ ਮੰਨਿਆ ਹੈ। ਵਨੀਤ ਕੌਰ ਚੱਢਾ ਕਰੀਬ 10 ਸਾਲਾਂ ਤੋਂ ਇਸ ਪੇਸ਼ੇ ਵਿੱਚ ਸੀ। ਮੰਨਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਲੋਕਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਹੋ ਸਕਦੀ ਹੈ ਜੋ ਵਨੀਤ ਚੱਢਾ ਰਾਹੀਂ ਆਸਟ੍ਰੇਲੀਆ ਪਹੁੰਚੇ ਹਨ।
ਮਿਲੀ ਜਾਣਕਾਰੀ ਅਨੁਸਾਰ ਵਨੀਤ ਕੌਰ ਚੱਢਾ ਸਾਲ 2016 ਤੋਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰ ਰਹੀ ਸੀ। ਜਾਂਚ ਉਦੋਂ ਸ਼ੁਰੂ ਹੋਈ ਜਦੋਂ ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਉਨ੍ਹਾਂ ਵੱਲੋਂ ਭੇਜੀਆਂ ਗਈਆਂ ਵੀਜ਼ਾ ਅਰਜ਼ੀਆਂ ਵਿੱਚ ਕੋਈ ਗੜਬੜ ਪਾਈ।ਵਿਭਾਗ ਨੂੰ ਸ਼ੱਕ ਹੋਇਆ ਕਿ ਅਰਜ਼ੀਆਂ ਵਿੱਚ ਦਿੱਤੀ ਗਈ ਜਾਣਕਾਰੀ ਅਤੇ ਅਸਲੀਅਤ ਵਿੱਚ ਅੰਤਰ ਹੈ। ਇਸ ਤੋਂ ਬਾਅਦ ਮਾਮਲਾ OMARA ਨੂੰ ਸੌਂਪਿਆ ਗਿਆ, ਜਿਸ ਨੇ ਮਾਈਗ੍ਰੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਨੀਤ ਦੇ ਪੂਰੇ ਕਰੀਅਰ ਦੀਆਂ ਫਾਈਲਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ।
OMARA ਦੀ ਜਾਂਚ ਵਿੱਚ ਸਭ ਤੋਂ ਵੱਡਾ ਖੁਲਾਸਾ ਇਹ ਹੋਇਆ ਕਿ ਵਨੀਤ ਚੱਢਾ ਨੇ ਕਈ ਵੀਜ਼ਾ ਬਿਨੈਕਾਰਾਂ ਨੂੰ ਪਰਦੇ ਦੇ ਪਿੱਛੇ ਰਹਿ ਕੇ ਇਮੀਗ੍ਰੇਸ਼ਨ ਸਹਾਇਤਾ ਦਿੱਤੀ, ਪਰ ਅਧਿਕਾਰਤ ਤੌਰ ‘ਤੇ ਇਸ ਦੀ ਜਾਣਕਾਰੀ ਵਿਭਾਗ ਨੂੰ ਨਹੀਂ ਦਿੱਤੀ। ਮਾਈਗ੍ਰੇਸ਼ਨ ਐਕਟ ਦੇ ਨਿਯਮਾਂ ਅਨੁਸਾਰ, ਜੇਕਰ ਕੋਈ ਏਜੰਟ ਕਿਸੇ ਕਲਾਇੰਟ ਦੀ ਮਦਦ ਕਰਦਾ ਹੈ, ਤਾਂ ਉਸ ਨੂੰ ਫਾਰਮ 956 ਰਾਹੀਂ ਆਪਣੀ ਭੂਮਿਕਾ ਸਪੱਸ਼ਟ ਕਰਨੀ ਹੁੰਦੀ ਹੈ।ਵਨੀਤ ਨੇ ਜਾਣਬੁੱਝ ਕੇ ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕੀਤਾ, ਤਾਂ ਜੋ ਉਹ ਵਿਭਾਗ ਦੀ ਸਿੱਧੀ ਨਿਗਰਾਨੀ ਤੋਂ ਬਚ ਸਕੇ। ਉਨ੍ਹਾਂ ਦੀ ਇਹ ਹਰਕਤ ਪਾਰਦਰਸ਼ਤਾ ਦੇ ਸਿਧਾਂਤ ਦੇ ਖਿਲਾਫ਼ ਸੀ ਅਤੇ ਕਾਨੂੰਨ ਦੀ ਧਾਰਾ 312A ਦੀ ਸਿੱਧੀ ਉਲੰਘਣਾ ਪਾਈ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























