Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ
ਚੰਡੀਗੜ੍ਹ, 30ਸਤੰਬਰ(ਵਿਸ਼ਵ ਵਾਰਤਾ)Breaking News- ਰੇਲ ਮੰਤਰਾਲਾ ਕੁੰਭ ਮੇਲੇ ਲਈ ਵੱਡੀ ਗਿਣਤੀ ਵਿੱਚ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁੰਭ ਮੇਲੇ ਦੌਰਾਨ 992 ਸਪੈਸ਼ਲ ਟਰੇਨਾਂ ਚਲਾਈਆਂ ਜਾਣਗੀਆਂ। ਪ੍ਰਯਾਗਰਾਜ ‘ਚ ਅਗਲੇ ਸਾਲ ਜਨਵਰੀ ‘ਚ ਕੁੰਭ ਮੇਲਾ ਲਗਾਇਆ ਜਾਵੇਗਾ।
ਅਧਿਕਾਰੀਆਂ ਅਨੁਸਾਰ, ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਤੋਂ ਇਲਾਵਾ, ਮੰਤਰਾਲੇ ਨੇ ਯਾਤਰੀਆਂ ਲਈ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਬਣਾਉਣ ਲਈ 933 ਕਰੋੜ ਰੁਪਏ ਰੱਖੇ ਹਨ। ਕੁੰਭ ਮੇਲੇ ਲਈ, ਰੇਲ ਗੱਡੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪ੍ਰਯਾਗਰਾਜ ਡਿਵੀਜ਼ਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ 3,700 ਕਰੋੜ ਰੁਪਏ ਦੀ ਲਾਗਤ ਨਾਲ ਰੇਲ ਪਟੜੀਆਂ ਨੂੰ ਡਬਲ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
12 ਜਨਵਰੀ ਤੋਂ ਸ਼ੁਰੂ ਹੋ ਰਹੇ ਕੁੰਭ ਮੇਲੇ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਵੀ ਸੋਮੰਨਾ ਨੇ ਸ਼ਨੀਵਾਰ ਨੂੰ ਮੀਟਿੰਗਾਂ ਕੀਤੀਆਂ।
ਕੁੰਭ ਮੇਲੇ ਵਿੱਚ 30 ਤੋਂ 50 ਕਰੋੜ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਇਸ ਲਈ ਰੇਲਵੇ ਮੰਤਰਾਲੇ ਵੱਖ-ਵੱਖ ਸ਼ਹਿਰਾਂ ਤੋਂ 6,580 ਨਿਯਮਤ ਰੇਲ ਗੱਡੀਆਂ ਤੋਂ ਇਲਾਵਾ ਪ੍ਰਯਾਗਰਾਜ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ। ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਤਜਰਬੇ ਦੇ ਆਧਾਰ ‘ਤੇ ਅਸੀਂ ਸਪੈਸ਼ਲ ਟਰੇਨਾਂ ਦੀ ਗਿਣਤੀ 42 ਫੀਸਦੀ ਵਧਾ ਕੇ 992 ਕਰਨ ਦਾ ਫੈਸਲਾ ਕੀਤਾ ਹੈ।