National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 13ਵੀਂ ਵਾਰ ਜਵਾਨਾਂ ਨਾਲ ਮਨਾਈ ਦੀਵਾਲੀ
ਚੰਡੀਗੜ੍ਹ, 8 ਨਵੰਬਰ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਦੇ ਕੋਬਰਾ ਆਪ੍ਰੇਸ਼ਨ ਬੇਸ ‘ਚ ਸੀਆਰਪੀਐੱਫ ਜਵਾਨਾਂ ਨਾਲ ਦੀਵਾਲੀ ਮਨਾਈ। ਇਹ ਲਗਾਤਾਰ 13ਵੀਂ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ। ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਕਰੀਬ 42 ਮਿੰਟ ਤੱਕ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਵਿੱਚ ਕਿਹਾ ਕਿ ਹਥਿਆਰਬੰਦ ਨਕਸਲੀ ਹੁਣ ਚਲੇ ਗਏ ਹਨ, ਪਰ ਹੁਣ ‘ਦਿਮਾਗੀ ਨਕਸਲੀਆਂ’ ਨਾਲ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਪਛਾਣ ਕਰਨੀ ਹੋਵੇਗੀ।
ਬਸਤਰ ਸਥਿਤ ਕੋਬਰਾ ਆਪ੍ਰੇਸ਼ਨ ਬੇਸ ਵਿੱਚ ਸੀਆਰਪੀਐੱਫ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਿਸੇ ਦੇਸ਼ ਦੀ ਅੰਦਰੂਨੀ ਸੁਰੱਖਿਆ ਮਜ਼ਬੂਤ ਹੁੰਦੀ ਹੈ ਤਾਂ ਬਾਹਰੀ ਦੁਸ਼ਮਣ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਦੇ। ਪਰ ਜਦੋਂ ਅੰਦਰੂਨੀ ਸੁਰੱਖਿਆ ਕਮਜ਼ੋਰ ਹੁੰਦੀ ਹੈ ਤਾਂ ਬਾਹਰੀ ਦੁਸ਼ਮਣ ਵੀ ਸਿਰ ਚੁੱਕਣ ਲੱਗਦੇ ਹਨ।
ਇਸ ਤੋਂ ਪਹਿਲਾਂ ਉਹ 12 ਵਾਰ ਦੇਸ਼ ਦੇ ਵੱਖ-ਵੱਖ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਜਵਾਨਾਂ ਨਾਲ ਦੀਵਾਲੀ ਮਨਾ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤਿੰਨ ਵਾਰ ਉਹ ਜੰਮੂ-ਕਸ਼ਮੀਰ ਗਏ, ਜਦਕਿ ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਦਾ ਦੋ-ਦੋ ਵਾਰ ਦੌਰਾ ਕਰ ਚੁੱਕੇ ਹਨ।






















