ਭੂਪੇਸ਼ ਬਘੇਲ ਨੇ ਫ਼ਤਿਹਗੜ੍ਹ ਸਾਹਿਬ ਤੋਂ ਕੀਤਾ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦਾ ਆਗਾਜ਼
ਕਿਹਾ – ਪਾਰਟੀ ‘ਚ ‘ਆਲ ਇਜ਼ ਵੈੱਲ’
ਚੰਡੀਗੜ੍ਹ, 31 ਜੁਲਾਈ 2026 (ਵਿਸ਼ਵ ਵਾਰਤਾ): ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੌਂ ਦਿਨਾਂ ਦੇ ਦੌਰੇ ‘ਤੇ ਪੰਜਾਬ ਪਹੁੰਚੇ ਹਨ। ਪੰਜਾਬ ਕਾਂਗਰਸ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੰਚਾਰਜ ਭੂਪੇਸ਼ ਬਘੇਲ ਅਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਜਿਵੇਂ ਮੈਂ ਇੱਥੋਂ ਨੇਤਾਵਾਂ ਨੂੰ ਮਿਲ ਕੇ ਗਿਆ ਸੀ, ਮੈਂ ਰਿਪੋਰਟ ਹਾਈਕਮਾਨ ਨੂੰ ਸੌਂਪੀ। ਇਸ ਤੋਂ ਬਾਅਦ ਸਾਡੇ ਸੀਨੀਅਰ ਨੇਤਾਵਾਂ ਨੂੰ ਬੁਲਾਇਆ। ਚੰਨੀ ਸਾਹਿਬ ਨੇ ਵੇਣੂਗੋਪਾਲ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਰਾਹੁਲ ਗਾਂਧੀ ਸਾਡੇ ਨੇਤਾ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਚੋਣ ਲੜਾਂਗੇ। ਕਾਂਗਰਸ ਵਿੱਚ ‘ਆਲ ਇਜ਼ ਵੈੱਲ’ ਹੈ।
ਮੀਟਿੰਗ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ, ਚਾਹੇ ਪਾਰਟੀ ਟਿਕਟ ਵੀ ਕੱਟ ਦੇਵੇ। ਮੈਂ ਕਾਂਗਰਸ ਛੱਡ ਕੇ ਕਿਤੇ ਨਹੀਂ ਜਾਵਾਂਗਾ। ਜੇਕਰ ਸਮੇਂ ਦੇ ਨਾਲ ਨਹੀਂ ਬਦਲਾਂਗੇ, ਤਾਂ ਧੋਖਾ ਖਾ ਜਾਵਾਂਗੇ। ਵੜਿੰਗ ਨੇ ਕਿਹਾ ਕਿ ਦਿਲ ਵੱਡਾ ਹੋਣਾ ਚਾਹੀਦਾ ਹੈ। ਮੇਰੇ ਤੋਂ ਸਾਰੇ ਲੀਡਰ ਕਾਬਲ ਹਨ। ਬਾਜਵਾ ਸਾਹਿਬ ਅਤੇ ਇੱਥੇ ਬੈਠੇ ਸਾਰੇ ਲੀਡਰ ਮੇਰੇ ਤੋਂ ਜ਼ਿਆਦਾ ਕਾਬਲ ਹਨ। ਚੰਨੀ ਸਾਹਿਬ ਮੇਰੇ ਤੋਂ ਬਹੁਤ ਕਾਬਲ ਹਨ।
ਦੱਸ ਦਈਏ ਕਿ ਹੁਣ ਪਹਿਲੇ ਦਿਨ ਦੀ ਦੂਜੀ ਬੈਠਕ ਮੋਹਾਲੀ ਵਿੱਚ ਸ਼ਾਮ ਨੂੰ ਹੋਵੇਗੀ।ਇਹਨਾਂ ਬੈਠਕਾਂ ਵਿੱਚ ਬਲਾਕ ਅਤੇ ਜ਼ਿਲ੍ਹਾ ਕਾਰਜਕਾਰਨੀ ਦੇ ਅਹੁਦੇਦਾਰ, ਯੂਥ ਕਾਂਗਰਸ ਦੇ ਨੁਮਾਇੰਦੇ, 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਉਮੀਦਵਾਰ ਅਤੇ ਸੰਸਦ ਮੈਂਬਰ ਸ਼ਾਮਲ ਰਹਿਣਗੇ। ਬੈਠਕ ਵਿੱਚ ਰਾਜਾ ਵੜਿੰਗ ਵੀ ਬਘੇਲ ਦੇ ਨਾਲ ਮੌਜੂਦ ਰਹਿਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























