BCCI ਵੱਲੋਂ WPL 2027 ਦਾ ਸ਼ਡਿਊਲ ਜਾਰੀ, ਦੋ ਸ਼ਹਿਰਾਂ ’ਚ ਖੇਡੇ ਜਾਣਗੇ ਸਾਰੇ ਮੁਕਾਬਲੇ
ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ): ਮਹਿਲਾ ਪ੍ਰੀਮੀਅਰ ਲੀਗ (WPL) ਦੇ ਪੰਜਵੇਂ ਸੀਜ਼ਨ ਦਾ ਸ਼ਡਿਊਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ 14 ਜਨਵਰੀ ਤੋਂ 7 ਫਰਵਰੀ 2027 ਤੱਕ ਖੇਡਿਆ ਜਾਵੇਗਾ। ਇਸ ਵਾਰ ਪੰਜ ਟੀਮਾਂ ਵਿਚਾਲੇ ਹੋਣ ਵਾਲੇ ਸਾਰੇ 22 ਮੁਕਾਬਲੇ ਵਡੋਦਰਾ ਅਤੇ ਮੁੰਬਈ ਵਿੱਚ ਕਰਵਾਏ ਜਾਣਗੇ। ਦੋਵਾਂ ਸ਼ਹਿਰਾਂ ਨੂੰ 11-11 ਮੈਚਾਂ ਦੀ ਮੇਜ਼ਬਾਨੀ ਮਿਲੀ ਹੈ।
RCB ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ ਪਹਿਲਾ ਮੈਚ
ਟੂਰਨਾਮੈਂਟ ਦੀ ਸ਼ੁਰੂਆਤ 14 ਜਨਵਰੀ ਨੂੰ ਵਡੋਦਰਾ ਵਿੱਚ ਹੋਵੇਗੀ। ਪਹਿਲੇ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ (MI) ਨਾਲ ਹੋਵੇਗਾ। ਵਡੋਦਰਾ ਵਿੱਚ ਪਹਿਲਾ ਪੜਾਅ 14 ਤੋਂ 24 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ 11 ਮੈਚ ਖੇਡੇ ਜਾਣਗੇ।
ਮੁੰਬਈ ਵਿੱਚ ਹੋਣਗੇ ਆਖਰੀ 11 ਮੁਕਾਬਲੇ
ਵਡੋਦਰਾ ਤੋਂ ਬਾਅਦ ਟੂਰਨਾਮੈਂਟ ਮੁੰਬਈ ਪਹੁੰਚੇਗਾ। 26 ਜਨਵਰੀ ਤੋਂ ਬ੍ਰੇਬੋਰਨ ਸਟੇਡੀਅਮ ਵਿੱਚ ਬਾਕੀ ਮੁਕਾਬਲੇ ਕਰਵਾਏ ਜਾਣਗੇ। ਲੀਗ ਪੜਾਅ ਦੇ ਮੈਚ 3 ਫਰਵਰੀ ਤੱਕ ਚੱਲਣਗੇ। ਇਸ ਤੋਂ ਬਾਅਦ ਪਲੇਆਫ਼ ਮੁਕਾਬਲੇ ਹੋਣਗੇ। ਅੰਕ ਸੂਚੀ ਵਿੱਚ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ 5 ਫਰਵਰੀ ਨੂੰ ਐਲੀਮੀਨੇਟਰ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਫਾਈਨਲ ਵਿੱਚ ਪਹੁੰਚੇਗੀ, ਜਦਕਿ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ਵਿੱਚ ਜਗ੍ਹਾ ਬਣਾਏਗੀ।
7 ਫਰਵਰੀ ਨੂੰ ਹੋਵੇਗਾ ਫਾਈਨਲ
WPL 2027 ਦਾ ਖ਼ਿਤਾਬੀ ਮੁਕਾਬਲਾ 7 ਫਰਵਰੀ, ਐਤਵਾਰ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। BCCI ਵੱਲੋਂ ਜਾਰੀ ਸ਼ਡਿਊਲ ਮੁਤਾਬਕ ਪਲੇਆਫ਼ ਸਮੇਤ ਸਾਰੇ 22 ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਣਗੇ। ਮੌਜੂਦਾ ਚੈਂਪੀਅਨ RCB ਇਸ ਸੀਜ਼ਨ ਵਿੱਚ ਆਪਣਾ ਖ਼ਿਤਾਬ ਬਚਾਉਣ ਲਈ ਮੈਦਾਨ ਵਿੱਚ ਉਤਰੇਗੀ।























