Bank Strike: ਅੱਜ ਬੈਂਕ ਰਹਿਣਗੇ ਬੰਦ ! ਬੈਂਕ ਯੂਨੀਅਨਾਂ ਵੱਲੋਂ ਹੜਤਾਲ ਦਾ ਐਲਾਨ
ਨਵੀ ਦਿੱਲੀ, 12 ਫਰਵਰੀ 2026 (ਵਿਸ਼ਵ ਵਾਰਤਾ): ਦੇਸ਼ ਭਰ ਵਿੱਚ ਅੱਜ ਯਾਨੀ 12 ਫਰਵਰੀ ਨੂੰ ਸਾਰੇ ਬੈਂਕ ਕਰਮਚਾਰੀ ਹੜਤਾਲ (Bank Strike) ‘ਤੇ ਰਹਿਣਗੇ। ਦੇਸ਼ ਦੀਆਂ ਵੱਡੀਆਂ ਬੈਂਕ ਯੂਨੀਅਨਾਂ ਜਿਵੇਂ ਕਿ ਆਲ ਇੰਡੀਆ ਬੈਂਕ ਐਂਪਲੌਇਜ਼ ਐਸੋਸੀਏਸ਼ਨ (AIBEA), ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ (AIBOA) ਅਤੇ ਬੈਂਕ ਐਂਪਲੌਇਜ਼ ਫੈਡਰੇਸ਼ਨ ਆਫ ਇੰਡੀਆ (BEFI) ਨੇ ਅੱਜ ਲਈ ਹੜਤਾਲ ਦਾ ਐਲਾਨ ਕੀਤਾ ਹੈ।
ਹੜਤਾਲ ਦੇ ਚੱਲਦਿਆਂ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ 12 ਫਰਵਰੀ ਨੂੰ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਐਸ.ਬੀ.ਆਈ. ਤੋਂ ਇਲਾਵਾ ਆਈ.ਡੀ.ਬੀ.ਆਈ. (IDBI) ਬੈਂਕ ਨੂੰ ਵੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਮਿਲਿਆ ਹੈ। ਹਾਲਾਂਕਿ, ਆਰ.ਬੀ.ਆਈ. (RBI) ਜਾਂ ਹੋਰ ਬੈਂਕਾਂ ਨੇ ਇਸ ਦਿਨ ਛੁੱਟੀ ਦਾ ਐਲਾਨ ਨਹੀਂ ਕੀਤਾ ਹੈ, ਪਰ ਕਰਮਚਾਰੀਆਂ ਦੇ ਹੜਤਾਲ ਵਿੱਚ ਸ਼ਾਮਲ ਹੋਣ ਕਾਰਨ ਸ਼ਾਖਾਵਾਂ ਵਿੱਚ ਕੰਮਕਾਜ ‘ਤੇ ਅਸਰ ਪਵੇਗਾ।

ਹੜਤਾਲ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੇ ਚਾਰ ਨਵੇਂ ਕਿਰਤ ਕੋਡ ਹਨ। ਯੂਨੀਅਨਾਂ ਦਾ ਕਹਿਣਾ ਹੈ ਕਿ ਇਹ ਕੋਡ 29 ਪੁਰਾਣੇ ਕਿਰਤ ਕਾਨੂੰਨਾਂ ਦੀ ਥਾਂ ਲੈਣਗੇ, ਜਿਸ ਨਾਲ ਮਜ਼ਦੂਰਾਂ ਦੇ ਅਧਿਕਾਰਾਂ ਵਿੱਚ ਕਟੌਤੀ ਹੋਵੇਗੀ ਅਤੇ ਟਰੇਡ ਯੂਨੀਅਨਾਂ ਨੂੰ ਰਜਿਸਟਰ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਦੇ ਨਾਲ ਹੀ, ਕਰਮਚਾਰੀ ਲੰਬੇ ਸਮੇਂ ਤੋਂ ਬੈਂਕਿੰਗ ਖੇਤਰ ਵਿੱਚ ‘5-ਦਿਨਾਂ ਕੰਮ ਦਾ ਹਫ਼ਤਾ’ ਲਾਗੂ ਕਰਨ ਦੀ ਮੰਗ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















