Bangladesh : ਮੌਤ ਦੀ ਸਜ਼ਾ ‘ਤੇ ਸ਼ੇਖ ਹਸੀਨਾ ਦਾ ਪਹਿਲਾ ਬਿਆਨ ;ਪੜ੍ਹੋ ਕੀ ਬੋਲੀ ਸ਼ੇਖ ਹਸੀਨਾ ?

ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ) Bangladesh : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅੱਜ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਢਾਕਾ ਵਿੱਚ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਹਸੀਨਾ ਨੂੰ ਪੰਜ ਮਾਮਲਿਆਂ ਵਿੱਚੋਂ ਦੋ (ਕਤਲ ਲਈ ਉਕਸਾਉਣਾ ਅਤੇ ਕਤਲ ਦਾ ਆਦੇਸ਼ ਦੇਣਾ) ‘ਤੇ ਮੌਤ ਦੀ ਸਜ਼ਾ ਸੁਣਾਈ, ਜਦੋਂ ਕਿ ਬਾਕੀ ਮਾਮਲਿਆਂ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਟ੍ਰਿਬਿਊਨਲ ਨੇ ਸ਼ੇਖ ਹਸੀਨਾ ਨੂੰ ਜੁਲਾਈ 2024 ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਹੱਤਿਆਵਾਂ ਦਾ ਮਾਸਟਰਮਾਈਂਡ ਐਲਾਨਿਆ। ਦੂਜੇ ਦੋਸ਼ੀ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੂੰ ਵੀ 12 ਲੋਕਾਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ। ਤੀਜੇ ਦੋਸ਼ੀ, ਸਾਬਕਾ ਆਈਜੀਪੀ ਅਬਦੁੱਲਾ ਅਲ-ਮਾਮੂਨ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਹੁਣ ਇਸੇ ਨੂੰ ਲੈ ਕੇ ਸ਼ੇਖ ਹਸੀਨਾ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਹਸੀਨਾ ਨੇ ਇਸ ਫੈਸਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸਨੂੰ ” ਗਲਤ, ਪੱਖਪਾਤੀ ਅਤੇ ਰਾਜਨੀਤਿਕ ਤੌਰ ‘ਤੇ ” ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇੱਕ ਅਣਚੁਣੀ ਸਰਕਾਰ ਦੁਆਰਾ ਚਲਾਏ ਜਾ ਰਹੇ ਟ੍ਰਿਬਿਊਨਲ ਦੁਆਰਾ ਦਿੱਤਾ ਗਿਆ ਹੈ ਜਿਸ ਕੋਲ ਜਨਤਕ ਫਤਵਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਇਹ ਪੂਰਾ ਮਾਮਲਾ ਅਸਲ ਘਟਨਾਵਾਂ ਦੀ ਜਾਂਚ ਨਹੀਂ ਹੈ ਬਲਕਿ ਅਵਾਮੀ ਲੀਗ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ। ਹਸੀਨਾ ਨੇ ਕਿਹਾ ਕਿ ਯੂਨਸ ਸਰਕਾਰ ਦੇ ਅਧੀਨ, ਪੁਲਿਸ ਪ੍ਰਣਾਲੀ ਕਮਜ਼ੋਰ ਹੋ ਗਈ ਹੈ, ਨਿਆਂ ਪ੍ਰਣਾਲੀ ਕਮਜ਼ੋਰ ਹੋ ਗਈ ਹੈ, ਅਵਾਮੀ ਲੀਗ ਸਮਰਥਕਾਂ ਅਤੇ ਹਿੰਦੂ-ਮੁਸਲਿਮ ਘੱਟ ਗਿਣਤੀਆਂ ‘ਤੇ ਹਮਲੇ ਵਧੇ ਹਨ, ਔਰਤਾਂ ਦੇ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ, ਅਤੇ ਕੱਟੜਪੰਥੀਆਂ ਦਾ ਪ੍ਰਭਾਵ ਵਧ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























