Punjab ਦੇ ਨੌਜਵਾਨ ਨੇ ਕੈਨੇਡਾ ’ਚ ਵਧਾਇਆ ਮਾਣ, ਟੋਰਾਂਟੋ ਪੁਲਿਸ ’ਚ ਹੋਇਆ ਭਰਤੀ
ਚੰਡੀਗੜ੍ਹ, 25 ਨਵੰਬਰ 2026 (ਵਿਸ਼ਵ ਵਾਰਤਾ): ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਦੇ ਸੇਖੋਂ ਪਰਿਵਾਰ ਦਾ ਨੌਜਵਾਨ ਗੁਰਪ੍ਰੀਤ ਸਿੰਘ ਕੈਨੇਡਾ ਦੀ ਟੋਰਾਂਟੋ ਪੁਲਿਸ ਭਰਤੀ ਹੋਇਆ ਹੈ। ਗੁਰਪ੍ਰੀਤ ਸਿੰਘ ਦੀ ਨਿਯੁਕਤੀ ਕਾਂਸਟੇਬਲ ਵਜੋਂ ਹੋਈ ਹੈ। ਲੋੜੀਂਦੀ ਸਿਖਲਾਈ ਪੂਰੀ ਕਰਨ ਅਤੇ ਪਾਸਿੰਗ ਆਊਟ ਪਰੇਡ ਤੋਂ ਬਾਅਦ ਗੁਰਪ੍ਰੀਤ ਨੇ ਆਪਣੀ ਡਿਊਟੀ ਵੀ ਸ਼ੁਰੂ ਕਰ ਦਿੱਤੀ ਹੈ। ਉਸ ਦੀ ਇਸ ਸਫਲਤਾ ਨਾਲ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।
ਗੁਰਪ੍ਰੀਤ ਸਿੰਘ, ਡਾ. ਬਲਵੀਰ ਸਿੰਘ ਸੇਖੋਂ ਦਾ ਪੋਤਾ ਹੈ। ਖ਼ਾਸ ਗੱਲ ਇਹ ਹੈ ਕਿ ਸੇਖੋਂ ਪਰਿਵਾਰ ਦੀ ਚੌਥੀ ਪੀੜ੍ਹੀ ਸੁਰੱਖਿਆ ਬਲਾਂ ਵਿੱਚ ਸੇਵਾਵਾਂ ਨਿਭਾ ਰਹੀ ਹੈ। ਉਸ ਦੇ ਪਿਤਾ ਹਰਬੰਸ ਸਿੰਘ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹਨ, ਜਦਕਿ ਦਾਦਾ ਵੀ ਪੰਜਾਬ ਪੁਲਿਸ ਵਿੱਚੋਂ ਸੇਵਾਮੁਕਤ ਹੋ ਚੁੱਕੇ ਹਨ। ਪਰਿਵਾਰ ਦੇ 10 ਤੋਂ ਵੱਧ ਮੈਂਬਰ ਭਾਰਤੀ ਫੌਜ ਅਤੇ ਪੁਲਿਸ ਵਿੱਚ ਸੇਵਾਵਾਂ ਦੇ ਚੁੱਕੇ ਹਨ ਜਾਂ ਮੌਜੂਦਾ ਸਮੇਂ ਵਿੱਚ ਡਿਊਟੀ ਨਿਭਾ ਰਹੇ ਹਨ।
ਗੁਰਪ੍ਰੀਤ ਦੀ ਟੋਰਾਂਟੋ ਪੁਲਿਸ ਵਿੱਚ ਚੋਣ ਦੀ ਖ਼ਬਰ ਮਿਲਦਿਆਂ ਹੀ ਅਰਨੀਵਾਲਾ ਸਥਿਤ ਘਰ ਵਿੱਚ ਜਸ਼ਨ ਸ਼ੁਰੂ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡੇ ਅਤੇ ਢੋਲ ਦੀਆਂ ਤਾਲਾਂ ’ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ।























