ਪੁਲਿਸ ਜ਼ਿਲ੍ਹੇ ਵਿਚ ਨਸ਼ਿਆਂ ਦੀ ਵਿੱਕਰੀ ਨੂੰ ਠੱਲ ਪਾਉਣ ਲਈ ਹਰ ਸੰਭਵ ਯਤਨ ਕਰੇਗੀ-ਜਸਪ੍ਰੀਤ ਸਿੰਘ ਸਿੱਧੂ

Advertisement

ਐਸ.ਐਸ.ਪੀ. ਕਪੂਰਥਲਾ ਵਜੋਂ ਅਹੁਦਾ ਸੰਭਾਲਿਆ


ਕਪੂਰਥਲਾ 2 ਅਗਸਤ( ਵਿਸ਼ਵ  ਵਾਰਤਾ )-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਨਸ਼ਿਆਂ ਦੀ ਵਿੱਕਰੀ ਨੂੰ ਰੋਕਣ ਲਈ ਲੋਕਾਂ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕੀਤਾ ਜਾਵੇਗਾ। ਇਹ ਸ਼ਬਦ ਜਸਪ੍ਰੀਤ ਸਿੰਘ ਸਿੱਧੂ ਨੇ ਐਸ.ਐਸ.ਪੀ. ਕਪੂਰਥਲਾ ਵਜੋਂ ਅਹੁਦਾ ਸੰਭਾਲਣ ਉਪਰੰਤ ਅਜੀਤ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪਾਸਾਰ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਪੁਲਿਸ ਵਲੋਂ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ। ਜਸਪ੍ਰੀਤ ਸਿੰਘ ਸਿੱਧੂ ਨੇੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਵਿਚ ਅਮਨ ਅਮਾਨ ਬਣਾਈ ਰੱਖਣ ਤੇ ਕੋਰੋਨਾ ਮਹਾਂਮਾਰੀ ਦੇ ਪਾਸਾਰ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜ਼ਿਲ੍ਹੇ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਅਹੁਦਾ ਸੰਭਾਲਣ ਉਪਰੰਤ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਜ਼ਿਲ੍ਹੇ ਦੀ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ। ਇਸਤੋਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਪੁੱਜਣ ’ਤੇ ਪੁਲਿਸ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਢਿੱਲੋਂ ਐਸ.ਪੀ. (ਡੀ), ਐਸ.ਪੀ. ਮਨਦੀਪ ਸਿੰਘ, ਡੀ.ਐਸ.ਪੀ. ਸਤਨਾਮ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ, ਡੀ.ਐਸ.ਪੀ. ਸੰਦੀਪ ਸਿੰਘ ਮੰਡ, ਡੀ.ਐਸ.ਪੀ. ਸੁਰਿੰਦਰ ਚਾਂਦ, ਡੀ.ਐਸ.ਪੀ. ਜੋਗਿੰਦਰਪਾਲ, ਡੀ.ਐਸ.ਪੀ. ਸਰਵਣ ਸਿੰਘ ਬੱਲ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।