ਨਕਲੀ ਸ਼ਰਾਬ ਦੇ ਧੰਦੇ ਦੀ ਸਰਪ੍ਰਸਤੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਹੋਵੇ : ਅਕਾਲੀ ਦਲ

Advertisement


ਨਕਲੀ ਸ਼ਰਾਬ ਵੇਚਣ ਵਾਲਿਆਂ ਦੇ ਸਾਥੀ ਵਜੋਂ ਸਲੂਕ ਕਰਨ ‘ਤੇ ਐਸ ਐਸ ਪੀ ਧਰੁਵ ਦਾਹੀਆ ਖਿਲਾਫ ਕਤਲ ਕੇਸ ਦਰਜ ਹੋਵੇ
ਜਿਹੜੀਆਂ ਡਿਸਟੀਲਰੀਆਂ ਨੇ ਬੇਹਿਸਾਬਾ ਈ ਐਨ ਏ ਸ਼ਰਾਬ ਵੇਚਣ ਵਾਲਿਆਂ ਨੂੰ ਸਪਲਾਈ ਕੀਤਾ, ਉਹਨਾਂ ਖਿਲਾਫ ਵੀ ਕਾਰਵਾਈ ਹੋਵੇ : ਬਿਕਰਮ ਸਿੰਘ ਮਜੀਠੀਆ
ਕਿਹਾ ਕਿ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਮਨੁੱਖ ਵੱਲੋਂ ਸਹੇੜੀ ਇਸ ਤ੍ਰਾਸਦੀ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ, ਮੁੱਖ ਮੰਤਰੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫਾ ਦੇਣ
ਚੰਡੀਗੜ•, 2 ਅਗਸਤ( ਵਿਸ਼ਵ ਵਾਰਤਾ )- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਨਕਲੀ ਸ਼ਰਾਬ, ਜਿਸਦੇ ਕਾਰਨ ਤਕਰੀਬਨ 100 ਮੌਤਾਂ ਹੋ ਗਈਆਂ ਹਨ, ਦੇ ਧੰਦੇ ਦੀ ਸਰਪ੍ਰਸਤੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਤਰਨਤਾਰਨ ਦੇ ਐਸ ਐਸ ਪੀ ਧਰੁਵ ਦਾਹੀਆ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ ਤੇ ਨਕਲੀ ਸ਼ਰਾਬ ਵੇਚਣ ਵਾਲਿਆਂ ਨੂੰ ਬੇਹਿਸਾਬ ਈ ਐਨ ਏ ਵੇਚਣ ਵਾਲੀਆਂ ਡਿਸਟਰੀਆਂ ਦੇ ਖਿਲਾਫ ਵੀ ਢੁਕਵੀਂ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਜੋ ਵੀ ਮਨੁੱਖ ਵੱਲੋਂ ਸਹੇੜੀ ਇਸ ਤ੍ਰਾਸਦੀ ਲਈ ਜ਼ਿੰਮੇਵਾਰ ਹੈ, ਉਸਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ ਤੇ ਪਾਰਟੀ ਨੇ ਇਸ ਦੁਖਾਂਤ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਕਰਾਰ ਦਿੱਤਾ। ਪਾਰਟੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੂੰ ਨਕਲੀ ਸ਼ਰਾਬ ਤ੍ਰਾਸਦੀ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿਉਂਕਿ ਆਬਕਾਰੀ ਦੇ ਗ੍ਰਹਿ ਵਿਭਾਗ ਸਿੱਧਾ ਉਹਨਾਂ ਦੇ ਅਧੀਨ ਹੈ ਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਵਿਧਾਇਕ, ਪੁਲਿਸ ਅਫਸਰ ਤੇ ਸ਼ਰਾਬ ਮਾਫੀਆ ਇਸ ਨਕਲੀ ਸ਼ਰਾਬ ਤ੍ਰਾਸਦੀ ਲਈ ਜ਼ਿੰਮੇਵਾਰ ਹਨ ਤੇ ਇਹਨਾਂ ਤਿੰਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਸਿਰਫ ਹੇਠਲੇ ਪੱਧਰ ਦੇ ਅਧਿਕਾਰੀ ਹੀ ਨਿਸ਼ਾਨਾ ਬਣਾਏ ਜਾਣੇ ਚਾਹੀਦੇ ਹਨ। ਉਹਨਾਂ ਇਹ ਵੀ ਮੰਗ ਕੀਤੀ ਤਰਨਤਾਰਨ ਦੇ ਸਾਬਕਾ ਐਸ ਐਸ ਪੀ ਧਰੁਵ ਦਾਹੀਆ ਜਿਹਨਾਂ ਨੂੰ ਤ੍ਰਾਸਦੀ ਮਗਰੋਂ ਅੰਮ੍ਰਿਤਸਰ ਦਿਹਾਤੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਦੇ ਖਿਲਾਫ ਕਤਲ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਐਸ ਐਸ ਪੀ ਕੋਲ ਪਹੁੰਚ ਕੀਤੀ ਸੀ ਤੇ ਨਕਲੀ ਸ਼ਰਾਬ ਵੇਚਣ ਵਾਲਿਆਂ ਤੇ ਉਹਨਾਂ ਦੇ ਕਾਂਗਰਸੀ ਆਕਾਵਾਂ ਦੀ ਜਾਣਕਾਰੀ ਵੀ ਦਿੱਤੀ ਸੀ। ਉਹਨਾਂ ਦੱਸਿਆ ਕਿ ਜਿਹੜੀਆਂ ਕਾਰਾਂ ਤੇ ਸਕੂਟਰਾਂ ਨਾਲ ਨਕਲੀ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ, ਉਸਦੇ ਰਜਿਸਟਰੇਸ਼ਨ ਨੰਬਰ ਤੇ ਕੋਰੀਅਰ ਤੇ ਸਮਗਲਰਾਂ ਦੇ ਫੋਨ ਨੰਬਰ ਵੀ ਦਿੱਤੇ ਸਨ। ਪਰ ਇਸ ਸਭ ਦੇ ਬਾਵਜੂਦ ਐਸ ਐਸ ਪੀ ਨੇ ਇਸ ਸਾਰੇ ਘੁਟਾਲੇ ਪ੍ਰਤੀ ਅੱਖਾਂ ਮੀਟ ਲਈਆਂ। ਇਸ ਲਈ ਉਹਨਾਂ ਖਿਲਾਫ ਧਾਰਾ 302 ਆਈ ਪੀ ਸੀ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਵੱਲੋਂ ਐਲਾਨੀ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀ ਬੀ ਆਈ ਤੋਂ ਇਸ ਸਾਰੇ ਹਾਦਸੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਦੁਸ਼ਹਿਰਾ ਰੇਲ ਹਾਦਸੇ ਦੀ ਮੈਜਿਸਟਰੇਟੀ ਜਾਂਚ ਦਾ ਨਤੀਜਾ ਵੇਖਿਆ ਹੈ। ਉਹਨਾਂ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਸਮੇਤ ਸਾਰੀਆਂ ਡਿਸਟੀਲਰੀਆਂ ਦੀ ਭੂਮਿਕਾ ਨੂੰ ਵੀ ਜਾਂਚ ਦੇ ਘੇਰੇ ਵਿਚ ਲੈਣ ਦੀ ਮੰਗ ਕੀਤੀ ਤੇ ਕਿਹਾ ਕਿ ਸਰਨਾ ਦੇ ਪਰਿਵਾਰ ਦੀ ਮਲਕੀਅਤ ਵਾਲੀ ਖੰਡ ਮਿੱਲ ਵਿਚੋਂ ਇਕ ਟਰੱਕ ਭਰ ਕੇ ਨਜਾਇਜ਼ ਸ਼ਰਾਬ ਮਿਲਣ ਦੇ ਬਾਵਜੂਦ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਇਹ ਦਾਅਵਾ ਕਰ ਰਹੇ ਹਨ ਕਿ ਬੇਹਿਸਾਬ ਐਕਸਟਰਾ ਨਿਊਟਰਲ ਐਲਕੋਹਲ (ਈ ਐਲ ਏ) ਇਸ ਅਤੇ ਹੋਰ ਡਿਸਟੀਲਰੀਆਂ ਤੋਂ ਬਣ ਕੇ ਨਕਲੀ ਸ਼ਰਾਬ ਵੇਚਣ ਵਾਲਿਆਂ ਨੂੰ ਸਪਲਾਈ ਹੁੰਦਾ ਰਿਹਾ ਹੈ।
ਮੁੱਖ ਮੰਤਰੀ ਨੂੰ ਅਸਲ ਦੋਸ਼ੀ ਫੜਨ ਲਈ ਆਖਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਜੇਕਰ ਪਹਿਲਾਂ ਰਾਜਪੁਰਾ ਵਿਚ ਨਜਾਇਜ਼ ਸ਼ਰਾਬ ਦੀ ਡਿਸਟੀਲਰੀ ਫੜੇ ਜਾਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੁੰਦੀ ਤਾਂ ਫਿਰ ਅੱਜ 100 ਲੋਕਾਂ ਦੀ ਜਾਨ ਨਾ ਜਾਂਦੀ। ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਧਰੋਂ ਉਧਰੋਂ ਨਜਾਇਜ ਸ਼ਰਾਬ ਦੇ ਕੁਝ ਡਰੰਮ ਫੜਨ ਦੀਆਂ ਧਿਆਨ ਵੰਡਾਊ ਜੁਗਤਾਂ ਲਗਾ ਕੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬੀ ਇਸ ਸਾਰੇ ਮਾਮਲੇ ਲਈ ਮੁੱਖ ਦੋਸ਼ੀ ਦੇ ਖਿਲਾਫ ਕਾਰਵਾਈ ਚਾਹੁੰਦੇ ਹਲ। ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਨੇ ਇਹਨਾਂ ਦੋਸ਼ੀਆਂ ਵਿਚ ਕੁਝ ਕਾਂਗਰਸੀ ਵਿਧਾਇਕਾਂ ਦੇ ਨਾਂ ਵੀ ਲਏ ਹਨ ਤੇ ਕਾਂਗਰਸ ਦੇ ਹੀ ਆਗੂ ਅਸ਼ਵਨੀ ਸੇਖੜੀ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਸੱਤਾਧਾਰੀ ਪਾਰਟੀ ਦੇ ਸਿਆਸਤਦਾਨ ਆਪਣੀ ਮਰਜ਼ੀ ਦੇ ਪੁਲਿਸ ਅਫਸਰ ਲੁਆ ਕੇ ਹਰ ਚੀਜ਼ ਨੂੰ ਆਪਣੇ ਕੰਟਰੋਲ ਵਿਚ ਰੱਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਹੁਣ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਫਿਰ ਅਜਿਹੇ ਦੁਖਾਂਤ ਵਾਪਰਦੇ ਰਹਿਣਗੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਦੋਂ ਕਾਰਵਾਈ ਕਰਨੀ ਚਾਹੀਦੀ ਸੀ ਕਿ ਜਦੋਂ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਆਬਕਾਰੀ ਵਿਭਾਗ ਦੀ ਲੁੱਟ ਦਾ ਮਾਮਲਾ ਉਹਨਾਂ ਦੇ ਧਿਆਨ ਵਿਚ ਲਿਆਂਦਾ ਸੀ ਤੇ ਮੰਤਰੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ। ਉਹਨਾਂ ਕਿਹਾ ਕਿ ਕਾਰਵਾਈ ਦੀ ਥਾਂ ਸਮਝੌਤਾ ਕਰਵਾ ਦਿੱਤਾ ਗਿਆ ਤੇ ਸਰਕਾਰੀ ਖ਼ਜ਼ਾਨੇ ਨੂੰ 5600 ਕਰੋੜ ਰੁਪਏ ਦਾ ਘਾਟਾ ਪਿਆ ਤੇ ਹੁਣ ਸੈਂਕੜੇ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਹਰਮੀਤ ਸਿੰਘ ਸੰਧੂ ਜੋ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਸਨ, ਦੱਸਿਆ ਕਿ ਕਿਵੇਂ ਮਾਝਾ ਇਲਾਕੇ ਵਿਚ ਕਾਂਗਰਸ ਦੇ ਵਿਧਾਇਕ ਨਕਲੀ ਸ਼ਰਾਬ ਦਾ ਧੰਦਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਵਿਧਾਇਕ ਰਮਨਜੀਤ ਸਿੰਘ ਸਿੱਕੀ, ਡਾ. ਧਰਮਬੀਰ ਅਗਨੀਹੋਤਰੀ, ਹਰਮਿੰਦਰ ਗਿੱਲ, ਸੁਖਪਾਲ ਭੁੱਲਰ ਤੇ ਸੁਖਵਿੰਦਰ ਡੈਨੀ ਦਾ ਨਾਂ ਨਕਲੀ ਸ਼ਰਾਬ ਦੀ ਸਪਲਾਈ ਕਰਨ ਵਾਲਿਆਂ ਦੀ ਸਰਪ੍ਰਸਤੀ ਕਰਨ ਵਾਲਿਆਂ ਵਿਚ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕੁਝ ਦੇ ਨਾਂ ਤਾਂ ਪੀੜਤ ਪਰਿਵਾਰਾਂ ਨੇ ਵੀ ਲਏ ਹਨ। ਉਹਨਾਂ ਦੱਸਿਆ ਕਿ ਸਿੱਕੀ ਦਾ ਨਿੱਜੀ ਸਹਾਇਤ ਜਰਮਨਜੀਤ ਸਿੰਘ ਨਾ ਸਿਰਫ ਨਕਲੀ ਸ਼ਰਾਬ ਦੀ ਸਪਲਾਈ ਲਈ ਜ਼ਿੰਮੇਵਾਰ ਹੈ ਬਲਕਿ ਉਹ ਉਹਨਾਂ ਔਰਤਾਂ ਦੇ ਪਿੰਡਾਂ ਵਿਚ ਵੀ ਗਿਆ ਜਿਹਨਾਂ ਨੇ ਉਸਦਾ ਨਾਂ ਲਿਆ। ਉਹਨਾਂ ਨੇ ਵਿਧਾਇਕ ਅਗਨੀਹੋਤਰੀ ਨੂੰ ਸ਼ਰਾਬ ਦੇ ਸਮਗਲਰ ਸ਼ੰਮਾ ਵੱਲੋਂ ਸਨਮਾਨਤ ਕੀਤੇ ਜਾਣ ਦੀ ਇਕ ਤਸਵੀਰ ਵੀ ਵਿਖਾਈ। ਸ਼ੰਮਾ ਨੂੰ ਨਕਲੀ ਸ਼ਰਾਬ ਦੁਖਾਂਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਇਸੇ ਤਰੀਕੇ ਵਿਧਾਇਕ ਸੁਖਪਾਲ ਭੁੱਲਰ ਦੇ ਚੇਲੇ ਕੋਲੋਂ ਵੀ 31500 ਲੀਟਰ ਲਾਹਣ ਫੜੀ ਗਈ ਹੈ। ਉਹਨਾਂ ਦੱਸਿਆ ਕਿ ਕਿਵੇਂ ਵਿਧਾਇਕ ਸੁਖਵਿੰਦਰ ਡੈਨੀ ਨੇ ਸ਼ਰਾਬ ਦੇ ਸਪਲਾਇਰਾਂ ਦੀ ਥਾਂ ਆਬਕਾਰੀ ਵਿਭਾਗ ਦੀ ਟੀਮ ‘ਤੇ ਹੀ ਕੇਸ ਦਰਜ ਕਰਵਾ ਦਿੱਤਾ ਸੀ ਜਦਕਿ ਵਿਧਾਇਕ ਹਰਮਿੰਦਰ ਗਿੱਲ ਨੇ ਇਕ ਐਸ ਐਚ ਓ ਨੂੰ ਧਮਕਾਇਆ ਕਿਉਂਕਿ ਉਹ ਉਹਨਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ।