ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਇੱਕ ਦੂਜੇ ਤੇ ਸੁੱਟ ਰਹੇ ਜਿੰਮੇਦਾਰੀ
ਜੁਆਂਇਟ ਐਕਸ਼ਨ ਕਮੇਟੀ ਨੇ ਵਣ ਮੰਤਰੀ ਅਤੇ ਲੋਕਲ ਬਾਡੀ ਮੰਤਰੀ ਤੋਂ ਮੰਗਿਆ ਮੁਲਾਕਾਤ ਦਾ ਸਮਾਂ

ਜੀਰਕਪੁਰ 2 ਅਗਸਤ( ਵਿਸ਼ਵ ਵਾਰਤਾ )- ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜੀਰਕਪੁਰ ਅਤੇ ਡੇਰਾਬੱਸੀ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਨੇਚਰ ਪਾਰਕਾਂ ਦੀ ਸਾਂਭ ਸੰਭਾਲ ਲਈ ਜਿੰਮੇਵਾਰੀ ਕਿਸਦੀ ਹੈ। ਇਸਦਾ ਜਵਾਬ ਦੇਣ ਵਾਲੇ ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਇੱਕ ਦੂਜੇ ਦੇ ਜਿੰਮੇਵਾਰੀ ਸੁੱਟ ਰਹੇ ਹਨ। ਜਿਸਦਾ ਖਮਿਆਜਾ ਦੋਹਾਂ ਸ਼ਹਿਰਾਂ ਦੇ ਹਜਾਰਾਂ ਲੋਕ ਭੁਗਤ ਰਹੇ ਹਨ। ਇਨ•ਾਂ ਪਾਰਕਾਂ ਨੂੰ ਠੀਕ ਕਰਵਾਉਣ ਦਾ ਬੀੜਾ ਚੁੱਕਣ ਵਾਲੀ ਜੁਆਂਇਟ ਐਕਸ਼ਨ ਕਮੇਟੀ ਨੇ ਵਿਭਾਗੀ ਅਧਿਕਾਰੀਆਂ ਦੇ ਲਾਰਿਆਂ ਤੋਂ ਤੰਗ ਆਕੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਜੰਗਲਾਤ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗ ਲਿਆ ਹੈ।
ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੋਹਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਦੱਸਿਆ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜੀਰਕਪੁਰ ਦੇ ਪੀਰਮੁਛੱਲਾ ਤੇ ਨਗਲਾ ਅਤੇ ਡੇਰਾਬੱਸੀ ਵਿੱਚ ਵੱਖ-ਵੱਖ ਥਾਵਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਨੇਚਰ ਪਾਰਕਾਂ ਦੀ ਉਸਾਰੀ ਕੀਤੀ ਗਈ ਸੀ। ਉਨ•ਾਂ ਦੱਸਿਆ ਕਿ ਮੀਟਿੰਗ ਦੌਰਾਨ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ•ਾਂ ਵਲੋਂ ਪਾਰਕ ਵਿਕਸਿਤ ਕਰਕੇ ਨਗਰ ਕੌਸਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਐਮ.ਓ.ਯੂ ਅਨੁਸਾਰ ਨਗਰ ਕੌਂਸਲ ਹੀ ਇਸਦੀ ਸਾਂਭ ਸੰਭਾਲ ਲਈ ਜਿੰਮੇਦਾਰ ਹੈ। ਜਦੋਂ ਤੋਂ ਇਹ ਪਾਰਕ ਬਣੇ ਹਨ ਉਦੋਂ ਤੋਂ ਲੈਕੇ ਕੇ ਕੌਂਸਲਾਂ ਨੇ ਇਨ•ਾਂ ਦੀ ਸੰਭਾਲ ਨਹੀਂ ਕੀਤੀ।
ਸੁਖਦੇਵ ਚੌਧਰੀ ਅਨੁਸਾਰ ਨਗਰ ਕੌਂਸਲ ਦੇ ਅਧਿਕਾਰੀ ਇਸ ਮੁੱਦੇ ਤੇ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਰਹੇ ਹਨ। ਕੌਂਸਲ ਦਾ ਕਹਿਣਾ ਹੈ ਕਿ ਚੌਂਕੀਦਾਰ ਅਤੇ ਹੋਰ ਸਟਾਫ ਵਣ ਵਿਭਾਗ ਨੇ ਦੇਣਾ ਹੈ। ਪੀਰਮੁੱਛਲਾ ਵਿੱਚ ਤਾਂ ਲੋਕ ਆਪਣੇ ਪੈਸਿਆਂ ਤੋਂ ਪਾਰਕ ਦੀ ਸੰਭਾਲ ਕਰ ਰਹੇ ਹਨ। ਜੁਆਂਇਟ ਐਕਸ਼ਨ ਕਮੇਟੀ ਪ੍ਰਧਾਨ ਅਨੁਸਾਰ ਵਿਭਾਗਾਂ ਦੀ ਆਪਸੀ ਖਿੱਚੋਤਾਣ ਕਾਰਨ ਹਜਾਰਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਵੇਲੇ ਜੀਰਕਪੁਰ ਅਤੇ ਡੇਰਾਬੱਸੀ ਵਿੱਚ ਨੇਚਰ ਪਾਰਕਾਂ ਦੀ ਹਾਲਤ ਬੇਹਦ ਤਰਸਯੋਗ ਬਣੀ ਹੋਈ ਹੈ। ਜਿਨ੍ਹਾਂ ਦੀ ਸੰਭਾਲ ਲਈ ਕਮੇਟੀ ਦਾ ਵਫਦ ਛੇਤੀ ਹੀ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕਰੇਗਾ।






















