
ਕੋਈ ਵੱਡਾ ਇਕੱਠ ਨਹੀਂ ਹੋਵੇਗਾ; ਪ੍ਰੋਗਰਾਮ ਕੀਤਾ ਜਾਵੇਗਾ ਵੈੱਬਕਾਸਟ
ਐਸ ਏ ਐਸ ਨਗਰ, 28 ਜੁਲਾਈ (ਸਤੀਸ਼ ਕੁਮਾਰ ਪੱਪੀ )-ਕੋਵਿਡ-19 ਸਬੰਧੀ ਸਿਹਤ ਅਤੇ ਗ੍ਰਹਿ ਮੰਤਰਾਲਿਆਂ ਵੱਲੋਂ ਜਾਰੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਜ਼ਿਲ੍ਹੇ ਵਿਚ ਸੁਤੰਤਰਤਾ ਦਿਵਸ ਸਮਾਰੋਹ 2020 ਸਹੀ ਅਤੇ ਢੁੱਕਵੇਂ ਢੰਗ ਨਾਲ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਵਧੀਕ ਕਮਿਸ਼ਨਰ (ਜਨਰਲ), ਐਸ ਏ ਐਸ ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ।
ਮਹਾਂਮਾਰੀ ਤੋਂ ਬਚਾਅ ਲਈ ਵੱਡੇ ਸਮਾਗਮ ਤੋਂ ਗੁਰੇਜ਼ ਕੀਤਾ ਜਾਵੇਗਾ ਅਤੇ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ। ਸੁਤੰਤਰਤਾ ਦਿਵਸ ਦੇ ਸਮਾਗਮ ਨੂੰ ਰਾਸ਼ਟਰੀ ਝੰਡਾ ਲਹਿਰਾਉਣ, ਮਾਰਚ ਪਾਸਟ, ਮੁੱਖ ਮਹਿਮਾਨ ਦੇ ਸੰਬੋਧਨ, ਰਾਸ਼ਟਰੀ ਗੀਤ ਗਾਇਨ ਅਤੇ ਤਿੰਨ ਰੰਗੇ ਗੁਬਾਰੇ ਛੱਡਣ ਤੱਕ ਸੀਮਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਮਿਸ਼ਨ ਫਤਿਹ ਵਾਰੀਅਰਜ਼ ਅਤੇ ਕੋਰੋਨਾ ਵਾਰੀਅਰਜ਼ ਜਿਵੇਂ ਡਾਕਟਰ, ਸਿਹਤ ਅਤੇ ਸੈਨੀਟੇਸ਼ਨ ਕਰਮਚਾਰੀਆਂ ਨੂੰ ਮਹਾਂਮਾਰੀ ਵਿਰੁੱਧ ਜੰਗ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ।
ਟੈਕਨਾਲੋਜੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਦਿਆਂ , ਆਯੋਜਿਤ ਕੀਤੇ ਗਏ ਸਮਾਗਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੈੱਬਕਾਸਟ ਕੀਤਾ ਜਾਵੇਗਾ।






















