ਮਾਨਸਾ ਜ਼ਿਲ੍ਹੇ ਵਿੱਚ ਦੇਰ ਰਾਤ ਮੀਂਹ ਨੇ ਕਣਕ ਦੀ ਫ਼ਸਲ ਦਾ ਕੀਤਾ ਨੁਕਸਾਨ, ਕਿਸਾਨ ਨਿਰਾਸ਼
ਚੰਡੀਗੜ੍ਹ, 8ਅਪ੍ਰੈਲ(ਵਿਸ਼ਵ ਵਾਰਤਾ) ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਗੜੇਮਾਰੀ ਦੇ ਕਾਰਨ ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚ ਦੇਰ ਰਾਤ ਹੋਈ ਬਾਰਿਸ਼ ਦੇ ਕਾਰਨ ਜਿੱਥੇ ਕਣਕ ਦੀ ਫਸਲ ਧਰਤੀ ਤੇ ਡਿੱਗ ਜਾਣ ਕਾਰਨ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਚੁੱਕਿਆ ਉੱਥੇ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਉਹਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਨੇ ਕਿਹਾ ਕਿ ਸਰਦੂਲਗੜ੍ਹ ਏਰੀਏ ਦੇ ਵਿੱਚ ਗੜੇਮਾਰੀ ਹੋਣ ਕਾਰਨ ਕਈ ਪਿੰਡਾਂ ਦੇ ਵਿੱਚ ਕਣਕ ਦੀ ਫਸਲ ਤਬਾਹ ਹੋ ਚੁੱਕੀ ਹੈ। ਬੇਸ਼ੱਕ ਅਜੇ ਤੱਕ ਪਿਛਲੀਆਂ ਤਬਾਹ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਉਥੇ ਹੀ ਮੁੜ ਤੋਂ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਹੋਣ ਕਾਰਨ ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਨਾ ਦਿੱਤੀ ਗਈ ਤਾਂ ਕਿਸਾਨਾਂ ਵੱਲੋਂ ਮਜਬੂਰਨ ਧਰਨੇ ਪ੍ਰਦਰਸ਼ਨ ਕਰਨਗੇ।























