PUNJAB: ਹੜ੍ਹ ਪ੍ਰਭਾਵਿਤ ਪਸ਼ੂ ਧਨ ਦੀ ਰਾਖੀ ਲਈ ਰਾਹਤ ਕਾਰਜ ਜੰਗੀ ਪੱਧਰ ’ ਤੇ ਜਾਰੀ – ਡਿਪਟੀ ਕਮਿਸ਼ਨਰ
ਪਸ਼ੂ ਪਾਲਣ ਵਿਭਾਗ ਵਲੋਂ 403 ਕੁਇੰਟਲ ਫੀਡ ਦੀ ਵੰਡ, 415 ਪਸ਼ੂਆਂ ਦੀ ਕੀਤਾ ਇਲਾਜ
ਪਸ਼ੂ ਧਨ ਦੀ ਸਾਂਭ-ਸੰਭਾਲ ਲਈ ਪਸ਼ੂ ਪਾਲਣ ਤੇ ਖੇਤਬਾੜੀ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਸਰਗਰਮ
ਕਪੂਰਥਲਾ 06 ਸਤੰਬਰ (ਵਿਸ਼ਵ ਵਾਰਤਾ):- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਸ਼ੂ ਧਨ ਦੀ ਰਾਖੀ ਦੇ ਲਈ ਚਾਰ ਟੀਮਾਂ 24 ਘੰਟੇ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਪਸ਼ੂਆਂ ਦੇ ਲਈ ਫੀਡ ਦੀ ਵੀ ਲਗਾਤਾਰ ਵੰਡ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਪਸ਼ੂ ਪਾਲਣ ਤੇ ਖੇਤੀਬਾੜੀ ਵਿਭਾਗ ਵਲੋਂ ਬਾਊਪੁਰ ਜਦੀਦ/ ਕਦੀਮ , ਸਾਂਗਰਾ, ਰਾਮਪੁਰ ਗੋਰੇ, ਭੈਣੀ ਕਾਦਰਬਖਸ਼ ਤੇ ਮੰਡ ਬੰਦੂ ਜਦੀਦ ਵਿਖੇ ਫੀਡ ਅਤੇ ਚਾਰੇ ਆਦਿ ਦੀ ਲਗਾਤਾਰ ਵੰਡ ਕੀਤੀ ਗਈ ਤਾਂ ਜੋ ਪਸ਼ੂਆਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੱਲ ਦੇਰ ਸ਼ਾਮ ਤੱਕ 403 ਕੁਇੰਟਲ ਫੀਡ ਦੀ ਵੰਡ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵਲੋਂ 19 ਤੋਂ ਵੱਧ ਪਿੰਡਾਂ ’ਚ 415 ਪਸ਼ੂਆਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵਲੋਂ ਵੀ 48 ਕੁਇੰਟਲ ਸਾਈਲੇਜ ਦੀ ਵੰਡ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾ.ਲਖਵਿੰਦਰ ਸਿੰਘ ਤੇ ਮੁੱਖ ਖੇਤੀਬਾੜੀ ਅਫ਼ਸਰ ਡਾ ਐਚ ਪੀ ਐਸ ਭਰੋਤ ਨੇ ਦੱਸਿਆ ਕਿ ਪਸ਼ੂ ਪਾਲਣ ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂ ਧਨ ਦੀ ਰਾਖੀ ਲਈ ਨਿਰਵਿਘਨ ਰਾਹਤ ਕਾਰਜ ਚਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਪੂਰੀ ਲਗਨ ਤੇ ਦ੍ਰਿੜਤਾ ਨਾਲ ਹੜ੍ਹ ਪ੍ਰਭਾਵਿਤ ਪਸ਼ੂਆਂ ਨੂੰ ਜਿਥੇ ਖਾਣ ਲਈ ਫੀਡ, ਹਰਾ ਚਾਰਾ, ਪੀਣ ਲਈ ਪਾਣੀ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ,ਉਥੇ ਹੀ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।























