Punjab: ਚਰਨਜੀਤ ਚੰਨੀ ਅੱਜ ਸ਼ੁਰੂ ਕਰਨਗੇ ‘ਜਵਾਨੀ ਸੰਭਾਲੋ ਸਾਈਕਲ ਯਾਤਰਾ’
– ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਰਹੇਗੀ ਮੌਜੂਦ
ਸ਼੍ਰੀ ਚਮਕੌਰ ਸਾਹਿਬ, 12 ਨਵੰਬਰ (ਵਿਸ਼ਵ ਵਾਰਤਾ): ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ‘ਜਵਾਨੀ ਸੰਭਾਲੋ ਸਾਈਕਲ ਯਾਤਰਾ’ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਯਾਤਰਾ ਸਵੇਰੇ ਸ਼੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਸਮਰਾਲਾ ਪਹੁੰਚੇਗੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੇਗੀ।
ਯਾਤਰਾ ਦੇ ਪ੍ਰੋਗਰਾਮ ਅਨੁਸਾਰ ਸਵੇਰੇ 10:30 ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 11 ਵਜੇ ਸ਼੍ਰੀ ਚਮਕੌਰ ਸਾਹਿਬ ਸਟੇਡੀਅਮ ਵਿੱਚ ਜਨਤਕ ਰੈਲੀ ਹੋਵੇਗੀ। ਇਸ ਤੋਂ ਬਾਅਦ ਸਵੇਰੇ 11:30 ਵਜੇ ਹਰੀ ਝੰਡੀ ਦਿਖਾ ਕੇ ਸਾਈਕਲ ਯਾਤਰਾ ਨੂੰ ਰਵਾਨਾ ਕੀਤਾ ਜਾਵੇਗਾ। ਦੁਪਹਿਰ 1:30 ਵਜੇ ਖਮਾਣੋਂ ਸ਼ਹਿਰ ਵਿੱਚ ਰੈਲੀ ਹੋਵੇਗੀ, ਜਿਸ ਵਿੱਚ ਡਾ. ਮਨੋਹਰ ਸਿੰਘ ਸ਼ਿਰਕਤ ਕਰਨਗੇ। ਦੁਪਹਿਰ ਦੇ ਖਾਣੇ ਤੋਂ ਬਾਅਦ 2:30 ਵਜੇ ਯਾਤਰਾ ਮੁੜ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਸਮਰਾਲਾ ਪਹੁੰਚੇਗੀ। ਇਸ ਤੋਂ ਬਾਅਦ ਕੋਟਲਾ ਸਮਸ਼ਪੁਰ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਸਵਾਗਤ ਕੀਤਾ ਜਾਵੇਗਾ।
ਸ਼ਾਮ 5:15 ਤੋਂ 6:15 ਵਜੇ ਤੱਕ ਸਮਰਾਲਾ ਦੇ ਮੁੱਖ ਬਾਜ਼ਾਰ ਅਤੇ ਕਾਂਗ ਮਾਰਕੀਟ ਵਿੱਚ ਜਨਤਕ ਸੰਬੋਧਨ ਹੋਵੇਗਾ। ਇਸ ਤੋਂ ਬਾਅਦ ਕਾਂਗ ਮਾਰਕੀਟ ਤੋਂ ਨਵੇਂ ਬੱਸ ਅੱਡੇ ਤੱਕ ਪੈਦਲ ਮਾਰਚ ਕੱਢਿਆ ਜਾਵੇਗਾ। ਇਸ ਦੌਰਾਨ ਸਥਾਨਕ ਜਥੇਬੰਦੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਮਹਿਲਾ ਵਿੰਗ ਵੱਲੋਂ ਸਵਾਗਤ ਕੀਤਾ ਜਾਵੇਗਾ। ਸ਼ਾਮ 7:30 ਵਜੇ ਤੋਂ ਸਮਰਾਲਾ ਵਿੱਚ ਚੰਨੀ ਵੱਲੋਂ ਦੁਖੀ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।























