Punjab: ਗੁਰਮੀਤ ਸਿੰਘ ਮੀਤ ਹੇਅਰ ਨੇ ਭੱਲਾ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਚੰਡੀਗੜ੍ਹ, 28 ਅਗਸਤ 2025 (ਵਿਸ਼ਵ ਵਾਰਤਾ): ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਜਸਵਿੰਦਰ ਭੱਲਾ (Punjab) ਦਾ ਸ਼ੁੱਕਰਵਾਰ ਨੂੰ 65 ਸਾਲ ਦੀ ਉਮਰ ਵਿੱਚ ਬ੍ਰੇਨ ਸਟ੍ਰੋਕ ਨਾਲ ਦੇਹਾਂਤ ਹੋਇਆ ਸੀ। ਉਹਨਾਂ ਦੇ ਦੇਹਾਂਤ ‘ਤੇ ਕਈ ਗਾਇਕਾਂ, ਆਗੂਆਂ ਅਤੇ ਲੋਕਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਫਿਲਮ ਜਗਤ ਦੇ ਸਿਤਾਰੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਵੰਡਾਉਣ ਪਹੁੰਚ ਰਹੇ ਹਨ।
ਦੱਸ ਦਈਏ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਉੱਘੇ ਕਾਮੇਡੀਅਨ ਡਾ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਧਰਮ ਪਤਨੀ, ਬੇਟੇ ਪੁਖਰਾਜ ਭੱਲਾ ਅਤੇ ਜਸਵਿੰਦਰ ਭੱਲਾ ਦੇ ਸਾਥੀ ਬਾਲ ਮੁਕੰਦ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸੂਚਨਾ ਕਮਿਸ਼ਨਰ ਡਾ ਭੁਪਿੰਦਰ ਸਿੰਘ ਬਾਠ ਵੀ ਹਾਜ਼ਰ ਸਨ। ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਕਾਮੇਡੀ ਸੀਰੀਜ਼ ‘ਛਣਕਾਟਾ’ ‘ਚ ਇਕਠੇ ਨਜ਼ਰ ਆਏ ਸਨ ਅਤੇ ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ।
ਮੀਤ ਹੇਅਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ “ਇਹ ਇਕੱਲਾ ਪਰਿਵਾਰ ਦਾ ਘਾਟਾ ਨਹੀਂ ਸਗੋਂ ਸਮੁੱਚੇ ਸਮਾਜ ਅਤੇ ਪੰਜਾਬੀਆਂ ਦਾ ਘਾਟਾ ਹੈ। ਜਸਵਿੰਦਰ ਭੱਲਾ ਨੇ ਵਿਅੰਗ ਦੇ ਆਪਣੇ ਖ਼ਾਸ ਅੰਦਾਜ਼ ਅਤੇ ਸ਼ੈਲੀ ਨਾਲ ਵਿਲੱਖਣ ਪਛਾਣ ਛੱਡੀ ਹੈ ਜੋ ਛਣਕਾਟਾ ਕੈਸੇਟਾਂ ਤੋਂ ਲੈ ਕੇ ਪੰਜਾਬੀ ਫਿਲਮਾਂ ਰਾਹੀਂ ਸਭ ਦੇ ਹਰਮਨ ਪਿਆਰੇ ਕਲਾਕਾਰ ਸਨ। ਉਨ੍ਹਾਂ ਕਿਹਾ ਕਿ ਇਹ ਘਾਟਾ ਹਮੇਸ਼ਾ ਲਈ ਨਾ ਪੂਰਿਆ ਜਾਣ ਵਾਲਾ ਹੈ।”
ਦੱਸ ਦਈਏ ਕਿ ਜਸਵਿੰਦਰ ਭੱਲਾ ਨੂੰ ਬੀਤੇ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ਪਰ ਹਾਲਾਤ ਖ਼ਰਾਬ ਹੋਣ ਕਾਰਨ ਉਹਨਾਂ ਦਾ 22 ਅਗਸਤ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























