– ਵਿਧਾਨ ਸਭਾ ਰੂਲ ਬੁੱਕ ਦੀਆਂ ਸਪੀਕਰ ਨੇ ਧੱਜੀਆਂ ਉਡਾਈਆਂ-ਅਮਨ ਅਰੋੜਾ
– ‘ਆਪ’ ਵਿਧਾਇਕਾਂ ਨੇ ਮੀਡੀਆ ਰਾਹੀਂ ਘੇਰੀ ਸਰਕਾਰ
ਚੰਡੀਗੜ੍ਹ, 13 ਦਸੰਬਰ-ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਅੱਜ ਸ਼ੁਰੂ ਹੋਏ ਸਮਾਗਮ (ਸੈਸ਼ਨ) ਨੂੰ ਤਿੰਨ ਦਿਨਾਂ ਤੋਂ ਕੇਵਲ ਡੇਢ ਦਿਨ ਤੱਕ ਸੀਮਤ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਵਿਧਾਨ ਸਭਾ ਅੰਦਰ ਹੀ ਜਲਦਬਾਜ਼ੀ ਵਿਚ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਸਰਦ ਰੁੱਤ ਸੈਸ਼ਨ ਦੇ ਨਾਂ ‘ਤੇ ਕੈਪਟਨ ਸਰਕਾਰ ਵੱਲੋਂ ਕੋਝਾ ਮਜ਼ਾਕ ਕਰਨ ਦੇ ਦੋਸ਼ ਲਗਾਏ।
‘ਆਪ’ ਵਿਧਾਇਕ ਨੇ ਦੋਸ਼ ਲਗਾਇਆ ਕਿ ਹਰ ਵਾਅਦੇ ਅਤੇ ਫ਼ਰੰਟ ‘ਤੇ ਫਲਾਪ ਹੋਈ ਕੈਪਟਨ ਸਰਕਾਰ ਹੁਣ ਲੋਕ ਮਸਲਿਆਂ ਦਾ ਸਾਹਮਣਾ ਕਰਨ ਦੀ ਥਾਂ ਪੰਜਾਬ ਵਿਧਾਨ ਸਭਾ ‘ਚ ਵੀ ਭੱਜ ਗਈ ਹੈ, ਪਰੰਤੂ ਇੱਕ ਸੁਚੇਤ ਚੌਕੀਦਾਰ ਵਜੋਂ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾਅ ਰਹੀ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਇਸ ਤਰ੍ਹਾਂ ਭਗੌੜੀ ਨਹੀਂ ਹੋਣ ਦੇਵੇਗੀ ਅਤੇ ਲੋਕ ਮੁੱਦਿਆਂ ਨੂੰ ਲੈ ਕੇ ਕਦਮ-ਕਦਮ ‘ਤੇ ਘੇਰੇਗੀ।
ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਰੂਲ ਬੁੱਕ (ਨਿਯਮਾਵਲੀ) ਦੀ 14-ਏ ਮੱਦ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇੱਕ ਸਾਲ ‘ਚ ਘੱਟੋ ਘੱਟ 40 ਬੈਠਕਾਂ ਲਾਜ਼ਮੀ ਹਨ, ਪਰੰਤੂ ਪਿਛਲੇ ਲੰਮੇ ਸਮੇਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਡੇਢ ਦਰਜਨ ਤੋਂ ਵੱਧ ਬੈਠਕਾਂ ਨਹੀਂ ਕੀਤੀਆਂ। ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਸਪੀਕਰ ਰਾਣਾ ਕੇਪੀ ਸਿੰਘ ਵਿਧਾਨ ਸਭਾ ਦੇ ਨਿਯਮਾਂ-ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਧਿਆਨ ਦਿਵਾਊ ਮਤਿਆਂ ਨੂੰ ਬੇਤੁਕੇ ਕਾਰਨਾਂ ਦਾ ਹਵਾਲਾ ਦੇ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਜਾਂਦਾ ਹੈ। ਜਦਕਿ ਧਿਆਨ ਦਿਵਾਊ ਨਿਯਮਾਵਲੀ ਨੰਬਰ 66 ‘ਚ ਇਸ ਤਰ੍ਹਾਂ ਦੇ ਬੇਤੁਕੇ ਅਤੇ ਬੇਬੁਨਿਆਦ ਹਵਾਲਿਆਂ ਦਾ ਕੋਈ ਜ਼ਿਕਰ ਨਹੀਂ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਇਸ ਵਾਰ ਕਰੀਬ 250 ਸਵਾਲ ਲੱਗੇ ਹੋਏ ਸਨ। ਜਿੰਨਾ ‘ਚ ਲਗਭਗ ਸਵਾ ਸੋ ਸਵਾਲ ‘ਆਪ’ ਵਿਧਾਇਕਾਂ ਦੇ ਸਨ ਜਦਕਿ ਅਣਸਟਾਰਡ ਸਵਾਲਾਂ ਦੀ ਗਿਣਤੀ ਅਲੱਗ ਹੈ। ਇਸੇ ਤਰ੍ਹਾਂ 23 ਧਿਆਨ ਦਿਵਾਊ ਮਤੇ ਸਨ। ਇਨ੍ਹਾਂ ਸਵਾਲਾਂ ਅਤੇ ਧਿਆਨ ਦਿਵਾਊ ਮਤਿਆਂ ਰਾਹੀਂ ‘ਆਪ’ ਵੱਲੋਂ ਕਿਸਾਨੀ, ਖੇਤ-ਮਜ਼ਦੂਰ, ਦਲਿਤਾਂ, ਦਲਿਤ ਸਟੂਡੈਂਟਸ, ਵਪਾਰੀਆਂ-ਕਾਰੋਬਾਰੀਆਂ, ਸੜਕ ਹਾਦਸੇ, ਬੇਰੁਜ਼ਗਾਰੀ, ਨਸ਼ੇ, ਸਿੱਖਿਆ, ਸਿਹਤ ਸੇਵਾਵਾਂ, ਪਾਣੀ, ਵਾਤਾਵਰਨ ਸਮੇਤ ਬਰਗਾੜੀ ਅਤੇ ਕਾਨੂੰਨ ਵਿਵਸਥਾ ਆਦਿ ਦਰਜਨਾਂ ਮੁੱਦਿਆਂ ‘ਤੇ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨਾ ਸੀ ਪਰੰਤੂ ਸਰਕਾਰ ਸਾਹਮਣਾ ਕਰਨ ਤੋਂ ਭੱਜ ਗਈ।
ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਬਾਰੇ ਸੱਚਮੁੱਚ ਸੁਹਿਰਦ ਹੁੰਦੀ ਤਾਂ ਖੁੱਲ੍ਹੇ ਦਿਲ ਨਾਲ ਹਰ ਭਖਵੇਂ ਮੁੱਦੇ ‘ਤੇ ਬਹਿਸ-ਵਿਚਾਰ ਕਰਦੀ ਤਾਂ ਕਿ ਹਰੇਕ ਮਸਲੇ ਦਾ ਠੋਸ ਹੱਲ ਨਿਕਲ ਸਕੇ। ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਸਿਰਫ਼ 11 ਮਿੰਟਾਂ ‘ਚ ਸ਼ਰਧਾਂਜਲੀਆਂ ਨਾਲ ਨਿਪਟਾ ਦਿੱਤਾ, ਜਦਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਦੱਸਦੇ ਹਨ ਕਿ ਇੱਕ ਦਿਨ ਦੇ ਸੈਸ਼ਨ ‘ਤੇ ਕਰੀਬ 70 ਲੱਖ ਰੁਪਏ ਦਾ ਖ਼ਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਜੇਕਰ ਅੱਜ ਹੀ 10 ਮਿੰਟ ਦੇ ਵਕਫ਼ੇ ਉਪਰੰਤ ਅਗਲੀ ਬੈਠਕ ਸ਼ੁਰੂ ਕਰ ਦਿੱਤੀ ਜਾਂਦੀ।
ਅਮਰਜੀਤ ਸਿੰਘ ਸੰਦੋਆ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜਦ ਕਾਂਗਰਸੀ ਅਤੇ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਲੰਬੇ ਸੈਸ਼ਨਾਂ ਦੀ ਮੰਗ ਕਰਦੇ ਹਨ ਪਰੰਤੂ ਸੱਤਾ ‘ਚ ਆਉਣ ਉਪਰੰਤ ਸੈਸ਼ਨ ਛੋਟਾ ਕਰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਕੇਰਲ ਅਸੈਂਬਲੀ ਨੇ 2017-18 ‘ਚ 151 ਬੈਠਕਾਂ ਕੀਤੀਆਂ ਜਦਕਿ ਪੰਜਾਬ ‘ਚ ਕੇਵਲ 19 ਬੈਠਕਾਂ ਹੋਈਆਂ ਜਿੰਨਾ ‘ਚ 3 ਸ਼ਰਧਾਂਜਲੀਆਂ ਤੱਕ ਸੀਮਤ ਸਨ।