National: ਕੇਂਦਰ ਸਰਕਾਰ ਨੇ ਪੈਟਰੋਲ ’ਤੇ ਬਰਾਮਦ ਡਿਊਟੀ ਵਧਾਈ ਅਤੇ ਡੀਜ਼ਲ ’ਤੇ ਘਟਾਈ
– ਅੱਜ 16 ਅਕਤੂਬਰ ਤੋਂ ਨਵੀਆਂ ਦਰਾਂ ਲਾਗੂ
ਚੰਡੀਗੜ੍ਹ, 16 ਅਕਤੂਬਰ (ਵਿਸ਼ਵ ਵਾਰਤਾ): ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਬਰਾਮਦ ’ਤੇ ਲੱਗਣ ਵਾਲੀ ਵਿੰਡਫਾਲ ਟੈਕਸ ਡਿਊਟੀ ਵਿੱਚ ਬਦਲਾਅ ਕੀਤਾ ਹੈ। ਸਰਕਾਰ ਨੇ ਪੈਟਰੋਲ ਦੀ ਬਰਾਮਦ ਡਿਊਟੀ ₹0.50 ਤੋਂ ਵਧਾ ਕੇ ₹2.50 ਪ੍ਰਤੀ ਲੀਟਰ ਕਰ ਦਿੱਤੀ ਹੈ, ਜਦਕਿ ਡੀਜ਼ਲ ’ਤੇ ਇਹ ਡਿਊਟੀ ₹16 ਤੋਂ ਘਟਾ ਕੇ ₹8.50 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਵਿੱਤ ਮੰਤਰਾਲੇ ਦੇ ਹੁਕਮਾਂ ਅਨੁਸਾਰ ਨਵੀਆਂ ਦਰਾਂ 16 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ।
ਹਰ ਪੰਦਰਵਾੜੇ ਕੀਤੀ ਜਾਂਦੀ ਹੈ ਸਮੀਖਿਆ
ਵਿੱਤ ਮੰਤਰਾਲੇ ਅਨੁਸਾਰ, ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਡਿਊਟੀ ਦੀ ਹਰ 15 ਦਿਨਾਂ ਬਾਅਦ ਸਮੀਖਿਆ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇ ਆਧਾਰ ’ਤੇ ਇਨ੍ਹਾਂ ਦਰਾਂ ਵਿੱਚ ਬਦਲਾਅ ਕੀਤਾ ਜਾਂਦਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕੌਮਾਂਤਰੀ ਤੇਲ ਕੀਮਤਾਂ ਵਿੱਚ ਅਸਥਿਰਤਾ ਅਤੇ ਭੂ-ਸਿਆਸੀ ਤਣਾਅ ਕਾਰਨ ਸਰਕਾਰ ਨੇ ਬਰਾਮਦ ਡਿਊਟੀ ਵਿੱਚ ਕਈ ਵਾਰ ਸੋਧ ਕੀਤੀ ਹੈ।
ਪਹਿਲਾਂ ਵੀ ਬਦਲੀਆਂ ਗਈਆਂ ਸਨ ਦਰਾਂ
ਸਤੰਬਰ ਵਿੱਚ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਈ ਜਹਾਜ਼ਾਂ ਦੇ ਈਂਧਨ (ਏਟੀਐੱਫ) ’ਤੇ ਬਰਾਮਦ ਡਿਊਟੀ ਘਟਾਈ ਸੀ। ਉਸ ਸਮੇਂ ਪੈਟਰੋਲ ਦੀ ਬਰਾਮਦ ਡਿਊਟੀ ਘਟਾ ਕੇ ₹0.50 ਪ੍ਰਤੀ ਲੀਟਰ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 1 ਸਤੰਬਰ ਤੋਂ ਡੀਜ਼ਲ ਦੀ ਬਰਾਮਦ ਲੇਵੀ ₹3 ਤੋਂ ਘਟਾ ਕੇ ₹1 ਪ੍ਰਤੀ ਲੀਟਰ ਕੀਤੀ ਗਈ ਸੀ, ਜਦਕਿ ਡੀਜ਼ਲ ਦੀ ਬਰਾਮਦ ’ਤੇ ਵਿੰਡਫਾਲ ਟੈਕਸ ₹24 ਤੋਂ ਘਟਾ ਕੇ ₹19 ਪ੍ਰਤੀ ਲੀਟਰ ਕੀਤਾ ਗਿਆ ਸੀ।
ਅਗਸਤ ਵਿੱਚ ਸਰਕਾਰ ਨੇ ਪੈਟਰੋਲ ਦੀ ਬਰਾਮਦ ਡਿਊਟੀ ₹2.50 ਤੋਂ ਵਧਾ ਕੇ ₹3.50 ਪ੍ਰਤੀ ਲੀਟਰ ਕੀਤੀ ਸੀ। ਡੀਜ਼ਲ ’ਤੇ ਕੁੱਲ ਡਿਊਟੀ ₹15.50 ਤੋਂ ਵਧਾ ਕੇ ₹25.50 ਪ੍ਰਤੀ ਲੀਟਰ ਅਤੇ ਏਟੀਐੱਫ ਦੀ ਬਰਾਮਦ ਲੇਵੀ ₹14.50 ਤੋਂ ਵਧਾ ਕੇ ₹22 ਪ੍ਰਤੀ ਲੀਟਰ ਕੀਤੀ ਗਈ ਸੀ।
2022 ਵਿੱਚ ਪਹਿਲੀ ਵਾਰ ਲਾਇਆ ਗਿਆ ਸੀ ਵਿੰਡਫਾਲ ਟੈਕਸ
ਕੇਂਦਰ ਸਰਕਾਰ ਨੇ ਜੁਲਾਈ 2022 ਵਿੱਚ ਪਹਿਲੀ ਵਾਰ ਈਂਧਨ ਦੀ ਬਰਾਮਦ ’ਤੇ ਵਿੰਡਫਾਲ ਟੈਕਸ ਲਾਗੂ ਕੀਤਾ ਸੀ। ਰੂਸ-ਯੂਕਰੇਨ ਜੰਗ ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਰਿਫਾਇਨਰੀ ਕੰਪਨੀਆਂ ਨੂੰ ਹੋਏ ਵਾਧੂ ਮੁਨਾਫ਼ੇ ’ਤੇ ਟੈਕਸ ਲਾਉਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਸੀ। ਇਸ ਤੋਂ ਬਾਅਦ ਮਾਰਚ 2026 ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਜੰਗ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਕਾਰਨ ਸਰਕਾਰ ਨੇ ਇਹ ਟੈਕਸ ਮੁੜ ਲਾਗੂ ਕੀਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























