ਮਾਮਲਾ ਪੁਲੀਸ ਥਾਣਿਆਂ ਵਿਚ ਪੁੱਜਿਆ, ਇਕ—ਦੂਜੇ ਉਪਰ ਦੂਸ਼ਣਬਾਜੀਆਂ *ਤੇ ਉਤਰੇ
ਮਾਨਸਾ, 13 ਅਕਤੂਬਰ (ਵਿਸਵ ਵਾਰਤਾ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਅਤੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਮੁਖੀ ਰਣਜੀਤ ਕੌਰ ਭੱਟੀ ਆਹਮੋ—ਸਾਹਮਣੇ ਹੋ ਗਏ ਹਨ। ਉਨ੍ਹਾਂ ਵੱਲੋਂ ਇਕ—ਦੂਜੇ ਉਤੇ ਦੂਸ਼ਣਬਾਜੀ ਲਾਈ ਜਾਣ ਲੱਗੀ ਹੈ। ਬੀਬੀ ਭੱਟੀ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਖਿਲਾਫ ਭਲਕੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਕੋਲ ਲਿਖਤੀ ਅਰਜੀ ਦਿੱਤੇ ਜਾਣ ਦੀ ਗੱਲ ਕਹੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਜਿਹੀ ਇਕ ਅਰਜੀ ਲੁਧਿਆਣਾ ਦੇ ਉਚ ਪੁਲੀਸ ਅਧਿਕਾਰੀਆਂ ਨੂੰ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਦੂਸ਼ਣਬਾਜੀਆਂ ਦਾ ਇਹ ਮਾਮਲਾ ਸ਼ੋਸ਼ਲ ਮੀਡੀਆ *ਤੇ ਲਗਾਤਾਰ ਚੱਲਣ ਲੱਗਿਆ ਹੈ।
ਬੀਬੀ ਭੱਟੀ, ਸਾਬਕਾ ਅਤੇ ਸੇਵਾ ਮੁਕਤ ਆਈਪੀਐਸ ਅਫਸਰ ਸੁਖਦੇਵ ਸਿੰਘ ਭੱਟੀ ਦੀ ਧਰਮ ਪਤਨੀ ਹੈ ਅਤੇ ਉਹ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਉਧਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨੌਜਵਾਨ ਪ੍ਰਧਾਨ ਬਿਕਰਮ ਸਿੰਘ ਮੋਫਰ, ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫਰ ਦੇ ਪੁੱਤਰ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤ ਜਵਾਈ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਜੀਜਾ ਹੈ।
ਬੀਬੀ ਭੱਟੀ ਵੱਲੋਂ ਲੁਧਿਆਣਾ ਪੁਲੀਸ ਕੋਲ ਬਿਕਰਮ ਮੋਫਰ ਖਿਲਾਫ ਦਿੱਤੀ ਅਰਜੀ ਵਿਚ ਦੋਸ਼ ਲਾਉਣ ਦੀ ਪੁਸ਼ਟੀ ਕਰਦਿਆਂ ਮੰਨਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਜਾਤੀ ਸੂਚਕ ਸ਼ਬਦ ਵਰਤੇ ਗਏ ਹਨ ਅਤੇ ਫੋਨ ਉਤੇ ਗਾਲੀ—ਗਲੋਚ ਕੀਤਾ ਗਿਆ ਹੈ, ਜਦੋਂ ਕਿ ਮਾਨਸਾ ਜ਼ਿਲ੍ਹੇ ਵਿਚ ਵੜ੍ਹਣ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਦੋ ਵਾਰ ਚੋਣ ਲੜ ਚੁੱਕੇ ਹਨ ਅਤੇ ਉਨ੍ਹਾਂ ਦੇ ਹਲਕੇ ਵਿਚ ਪੈਂਦੇ ਬੋਹਾ ਪੁਲੀਸ ਸਟੇਸ਼ਨ ਦੇ ਮੁਖੀ ਗੁਰਦੀਪ ਸਿੰਘ ਦੀ ਬਦਲੀ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਭੜਕ ਉਠੇ ਹਨ ਅਤੇ ਥਾਣਾ ਮੁਖੀ ਦੇ ਤਬਾਦਲੇ ਦਾ ਸਾਰਾ ਨਜ਼ਲਾ ਗੁੱਸੇ ਵਿਚ ਆਕੇ ਉਨ੍ਹਾਂ ਉਤੇ ਝਾੜਿਆ ਗਿਆ ਹੈ।
ਜਿਕਰਯੋਗ ਹੈ ਕਿ ਬੀਬੀ ਭੱਟੀ ਨੇ ਪਿਛਲੇ ਵਾਰ ਬੁਢਲਾਡਾ ਹਲਕੇ ਤੋਂ ਪੀਪੀਪੀ ਵੱਲੋਂ ਚੋਣ ਲੜ੍ਹੀ ਸੀ ਅਤੇ ਮਗਰੋਂ ਉਹ ਮਨਪ੍ਰੀਤ ਬਾਦਲ ਨਾਲ ਹੀ ਕਾਂਗਰਸ ਵਿਚ ਚਲੇ ਗਏ ਸਨ ਅਤੇ ਇਸ ਵਾਰ ਕਾਂਗਰਸ ਵੰਨੀਓ ਉਥੋਂ ਚੋਣ ਲੜੇ ਹਨ।
ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਰਣਜੀਤ ਕੌਰ ਭੱਟੀ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਬੀਬੀ ਭੱਟੀ ਦਾ ਹਮੇਸ਼ਾ ਮਾਵਾਂ ਵਾਂਗੂੰ ਸਤਿਕਾਰ ਕਰਦੇ ਆ ਰਹੇ ਹਨ, ਪਰ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਕੋਲ ਅਨੇਕਾਂ ਵਾਰ ਗਿਲਾ ਕੀਤਾ ਹੈ ਕਿ ਬੀਬੀ ਭੱਟੀ ਦਾ ਇਕ ਨਜ਼ਦੀਕੀ ਵਰਕਰ ਹੈਪੀ ਵੱਲੋਂ ਹਲਕੇ ਵਿਚ ਟਕਸਾਲੀ ਕਾਂਗਰਸੀਆਂ ਲਈ ਅਨੇਕਾਂ ਮੁਸੀਬਤਾਂ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਉਹ ਪੁਲੀਸ ਅਧਿਕਾਰੀਆਂ ਤੋਂ ਮਹੀਨਾ ਮੰਗਦਾ ਹੈ। ਉਨ੍ਹਾਂ ਕਿਹਾ ਕਿ ਉਹ ਖਿਲਾਫ ਥਾਣਾ ਬੋਹਾ ਵਿਖੇ ਬਕਾਇਦਾ ਮਾਮਲਾ ਦਰਜ ਹੈ ਅਤੇ ਉਸ ਦੀ ਪੁਲੀਸ ਭਾਲ ਕਰਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕਾਂਗਰਸੀ ਵਰਕਰ ਨੂੰ ਉਨ੍ਹਾਂ ਨੇ ਅਜਿਹੇ ਸ਼ਖਸ਼ ਤੋਂ ਦੂਰ ਰਹਿਣ ਦੀ, ਜਦੋਂ ਬਤੌਰ ਜ਼ਿਲ੍ਹਾ ਪ੍ਰਧਾਨ ਨਸੀਹਤ ਦਿੱਤੀ ਤਾਂ ਉਹ ਖਿੱਝਕੇ ਗਲਤ—ਮਲਤ ਦੂਸ਼ਣਬਾਜੀ ਲਾਉਣ ਲੱਗੇ ਹਨ ਅਤੇ ਪਹਿਲ ਕਰਕੇ ਪੁਲੀਸ ਤੱਕ ਪੁੱਜੇ ਹਨ, ਜਦੋਂ ਕਿ ਇਹ ਮਾਮਲਾ ਪਾਰਟੀ ਦੇ ਅੰਦਰ ਰੱਖਕੇ ਵੀ ਸੁਲਝਾਇਆ ਜਾ ਸਕਦਾ ਸੀ।