ਪਾਕਿਸਤਾਨੀ ਕਿਸ਼ਤੀ ‘ਚੋਂ 300 ਕਰੋੜ ਦੇ ਨਸ਼ੇ ਦੀ ਖੇਪ ਬਰਾਮਦ
ਗੁਜਰਾਤ ATS ਅਤੇ ਕੋਸਟ ਗਾਰਡ ਨੇ 10 ਤਸਕਰ ਵੀ ਕੀਤੇ ਕਾਬੂ
ਚੰਡੀਗੜ੍ਹ, 27ਦਸੰਬਰ(ਵਿਸ਼ਵ ਵਾਰਤਾ)- ਗੁਜਰਾਤ ਏਟੀਐਸ ਅਤੇ ਭਾਰਤੀ ਤੱਟ ਰੱਖਿਅਕ (ਆਈਸੀਜੀ) ਨੇ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਸੂਬੇ ਦੀ ਸਮੁੰਦਰੀ ਸਰਹੱਦ ਦੇ ਨੇੜੇ ਇੱਕ ਪਾਕਿਸਤਾਨੀ ਕਿਸ਼ਤੀ ਅਲ ਸੋਹਲੀ ਨੂੰ ਰੋਕਿਆ। ਕਿਸ਼ਤੀ ਵਿੱਚੋਂ 40 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ 10ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪਾਕਿਸਤਾਨੀ ਨਾਗਰਿਕ ਹਨ। ਇੰਡੀਅਨ ਕੋਸਟ ਗਾਰਡ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਕੀਮਤ 300 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਕਿਸ਼ਤੀ ‘ਚੋਂ 10 ਪਿਸਤੌਲ ਅਤੇ 210 ਗੋਲੀਆਂ ਵੀ ਬਰਾਮਦ ਹੋਈਆਂ ਹਨ।
ਭਾਰਤੀ ਤੱਟ ਰੱਖਿਅਕ ਨੇ ਦੱਸਿਆ ਕਿ ਫੜੇ ਗਏ ਪਾਕਿਸਤਾਨੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਡਰੱਗਜ਼ ਨੈੱਟਵਰਕ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਇਸ ਕਾਰਵਾਈ ਤੋਂ ਬਾਅਦ, ਤੱਟ ਰੱਖਿਅਕ ਨੇ ਆਪਣੇ ਜਹਾਜ਼ ICGS ਅਰਿੰਜੇ ਨੂੰ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (IMBL) ਨੇੜੇ ਤਾਇਨਾਤ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਏਟੀਐਸ ਅਤੇ ਕੋਸਟ ਗਾਰਡ ਨੇ 25-26 ਦਸੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਸੰਯੁਕਤ ਆਪਰੇਸ਼ਨ ਚਲਾਇਆ। ਕੋਸਟ ਗਾਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਗੁਜਰਾਤ ‘ਚ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਅਲ ਸੋਹਲੀ ਨੂੰ ਰੋਕਿਆ ਗਿਆ। ਕਿਸ਼ਤੀ ਨੂੰ ਅਗਲੇਰੀ ਜਾਂਚ ਲਈ ਓਖਾ ਲਿਆਂਦਾ ਜਾ ਰਿਹਾ ਹੈ।























