ਸਿੰਘ ਸਾਹਿਬ ਸਿਆਸੀ ਮਾਮਲਿਆਂ ਦੀ ਥਾਂ ਪੰਥਕ ਮਾਮਲਿਆਂ ਨੂੰ ਤਰਜੀਹ ਦੇਣ – ਪਰਮਜੀਤ ਸਿੰਘ ਸਰਨਾ
ਮਨਜਿੰਦਰ ਸਿੰਘ ਸਿਰਸਾ ਤੇ ਬਾਦਲਾਂ ਦਾ ਵੀ ਉਠਾਇਆ ਮੁੱਦਾ
ਕੋਟਕਪੂਰਾ, 3 ਦਸੰਬਰ (ਵਿਸ਼ਵ ਵਾਰਤਾ ) :- ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਅਤੇ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਜੋਂ ਜਾਣੇ ਜਾਂਦੇ ਮਨਜਿੰਦਰ ਸਿੰਘ ਸਿਰਸਾ ਦੇ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਬਾਦਲ ਵਲੋਂ ਕੀਤੀ ਗਈ ਬਿਆਨਬਾਜੀ ਦੇ ਪ੍ਰਤੀਕਰਮ ਵਜੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹੈਰਾਨੀ ਪ੍ਰਗਟਾਉਂਦਿਆਂ ਆਖਿਆ ਕਿ ਸਿਆਸੀ ਮਾਮਲਿਆਂ ਵਿੱਚ ਦਖਲਅੰਦਾਜੀ ਕਰਨ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦਾ ਮਾਮਲਾ ਧਾਰਮਿਕ ਨਾਲੋਂ ਸਿਆਸੀ ਜਿਆਦਾ ਹੈ। ਉਹ ਪੰਥਕ ਮਾਮਲਿਆਂ ਜਿਵੇਂ ਕਿ ਸਿੱਖ ਸਿਧਾਂਤ, ਰਹਿਤ ਮਰਿਆਦਾ ਅਤੇ ਹੋਰ ਸਾਡੀਆਂ ਸਤਿਕਾਰਤ ਰਸਮਾ ਦੇ ਹੋ ਰਹੇ ਘਾਣ ਵਾਲੇ ਪਾਸੇ ਜਿਆਦਾ ਧਿਆਨ ਦੇਣ ਤਾਂ ਮੈਂ ਉਨਾਂ ਦਾ ਧਿਆਨ ਉਸ ਪਾਸੇ ਦਿਵਾਉਣਾ ਚਾਹੁੰਦਾ ਹਾਂ। ਸ੍ਰ ਸਰਨਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਯਾਦ ਕਰਵਾਇਆ ਕਿ ਮਈ 2007 ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਲੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਗਿਆ ਤਾਂ ਅਕਾਲ ਤਖਤ ਤੋਂ ਉਸ ਖਿਲਾਫ ਬਕਾਇਦਾ ਹੁਕਮਨਾਮਾ ਜਾਰੀ ਹੋਇਆ ਸੀ। ਜਿਸ ਦੀ ਅਕਾਲੀ ਦਲ ਬਾਦਲ ਨੇ ਪ੍ਰਵਾਹ ਨਾ ਕਰਦਿਆਂ ਡੇਰਾ ਪੇ੍ਮੀਆਂ ਨਾਲ ਬਕਾਇਦਾ ਸੰਪਰਕ ਬਣਾਈ ਰੱਖਿਆ, ਬਾਦਲਕਿਆਂ ਅਤੇ ਸ਼ੋ੍ਮਣੀ ਕਮੇਟੀ ਦੇ ਮੈਂਬਰਾਂ ਦਾ ਡੇਰਾ ਪੇ੍ਮੀਆਂ ਦੀ ਖੁਸ਼ੀ-ਗਮੀ ਵਿੱਚ ਸ਼ਾਮਲ ਹੋਣਾ ਬਰਕਰਾਰ ਰਿਹਾ, ਬਾਦਲਾਂ ਨੇ ਡੇਰਾ ਪੇ੍ਮੀਆਂ ਨੂੰ ਜਿਲਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਅਤੇ ਨਗਰ ਕੌਂਸਲ ਚੋਣਾ ਵਿੱਚ ਅਕਾਲੀ ਦਲ ਦੀਆਂ ਟਿਕਟਾਂ ਦੇ ਕੇ ਨਿਵਾਜਿਆ, ਜਿਲਾ ਫਰੀਦਕੋਟ ਬਾਦਲ ਦਲ ਦੇ ਐਸ.ਸੀ. ਵਿੰਗ ਦੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਹਟਾ ਕੇ ਡੇਰਾ ਸਿਰਸਾ ਦੇ ਸ਼ਰਧਾਲੂ ਕੇਵਲ ਸਿੰਘ ਪੇ੍ਰਮੀ ਨੂੰ ਜਿਲਾ ਪ੍ਰਧਾਨ ਥਾਪਿਆ ਗਿਆ, ਮੀਡੀਏ ਵਿੱਚ ਸੁਰਖੀਆਂ ਬਣਨ ਦੇ ਬਾਵਜੂਦ ਵੀ ਤਖਤਾਂ ਦੇ ਜਥੇਦਾਰ ਚੁੱਪ ਰਹੇ ਅਤੇ ਬਾਦਲਾਂ ਨੇ ਇਸ ਬਾਰੇ ਅੱਜ ਤੱਕ ਕੋਈ ਸਪੱਸ਼ਟੀਕਰਨ ਦੇਣ ਦੀ ਜਰੂਰਤ ਹੀ ਨਹੀਂ ਸਮਝੀ। ਹੁਣ ਰਾਖਵੇਂ ਵਿਧਾਨ ਸਭਾ ਹਲਕੇ ਬੱਲੂਆਣਾ ਤੋਂ ਡੇਰਾ ਪੇ੍ਰਮੀ ਹਰਦੇਵ ਸਿੰਘ ਇੰਸਾ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਟਿਕਟ ਦੇਣ ’ਤੇ ਵੀ ਪੰਥਕ ਹਲਕਿਆਂ ’ਚ ਤਰਥੱਲੀ ਮੱਚ ਗਈ ਪਰ ਤਖਤਾਂ ਦੇ ਜਥੇਦਾਰ ਚੁੱਪ ਰਹੇ ਆਖਰ ਕਿਉਂ? ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਹੁੰਦਿਆਂ ਪਰ੍ਰਮਜੀਤ ਸਿੰਘ ਸਰਨਾ ਨੇ ਪੁੱਛਿਆ ਕਿ ਆਖਰ ਜੇਲ ਭਰੋ ਅੰਦੋਲਨ ਦਾ ਡਰਾਵਾ ਦੇ ਕੇ ਸੁਰਖੀਆਂ ਬਟੋਰਨ ਵਾਲਾ ਬਾਦਲ ਪਰਿਵਾਰ ਹੁਣ ਡਰ ਕਿਉਂ ਰਿਹਾ ਹੈ? ਉਨਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕਈ ਸਟੇਜਾਂ ਤੋਂ ਅਕਸਰ ਦਾਅਵਾ ਕਰ ਚੁੱਕੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਦਾ ਝੋਲਾ ਨਾਲ ਹੀ ਹੁੰਦਾ ਹੈ ਤੇ ਉਹ ਜੇਲ ਜਾਣ ਤੋਂ ਨਹੀਂ ਡਰਦੇ, ਹੁਣ ਮੌਕਾ ਆ ਗਿਆ ਹੈ ਤੇ ਉਹ ਮਨਜਿੰਦਰ ਸਿੰਘ ਸਿਰਸਾ ਦੇ ਘਟਨਾਕ੍ਰਮ ਦੇ ਸਬੰਧ ਵਿੱਚ ਦਿੱਲੀ ਜਾ ਕੇ ਮੋਰਚਾ ਲਾ ਦੇਣ, ਜੇਲ ਭਰੋ ਅੰਦੋਲਨ ਦੀ ਸ਼ੁਰੂਆਤ ਕਰਨ ਦੀ ਦਲੇਰੀ ਦਿਖਾਉਣ ਤਾਂ ਅਸਲੀਅਤ ਸਾਹਮਣੇ ਆ ਜਾਵੇਗੀ ਕਿ ਅਕਾਲੀ ਆਗੂ ਜੇਲਾਂ ਤੋਂ ਨਹੀਂ ਡਰਦੇ, ਮਨਜਿੰਦਰ ਸਿੰਘ ਸਿਰਸਾ ਦਾ ਜੇਲ ਜਾਣ ਤੋਂ ਡਰਨ ਦਾ ਅਸਲ ਕਾਰਨ ਕੀ ਸੀ? ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਹੁਣ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਤਖਤਾਂ ਦੇ ਜਥੇਦਾਰਾਂ ਅਤੇ ਬਾਦਲਾਂ ਦੇ ਬਿਆਨਾ ਨੂੰ ਵਾਚ ਰਹੀ ਹੈ ਤੇ ਅਗਾਮੀ ਦਿਨਾ ਵਿੱਚ ਤਖਤਾਂ ਦੇ ਜਥੇਦਾਰਾਂ ਤੇ ਬਾਦਲ ਪਰਿਵਾਰ ਨੂੰ ਲੋਕ ਕਚਹਿਰੀ ਵਿੱਚ ਇਸ ਦਾ ਜਵਾਬ ਦੇਣਾ ਪਵੇਗਾ।























