ਮਸ਼ਹੂਰ ਟੀਵੀ ਸ਼ੋਅ CID ਦੇ ਨਿਰਮਾਤਾ ਬੀ.ਪੀ. ਸਿੰਘ ਦਾ ਦਿਹਾਂਤ
ਚੰਡੀਗੜ੍ਹ, 27 ਅਕਤੂਬਰ 2026 (ਵਿਸ਼ਵ ਵਾਰਤਾ): ਟੀਵੀ ਸ਼ੋਅ ‘ਸੀਆਈਡੀ’ ਅਤੇ ‘ਆਹਟ’ ਦੇ ਨਿਰਮਾਤਾ-ਨਿਰਦੇਸ਼ਕ ਬ੍ਰਿਜੇਂਦਰ ਪਾਲ ਸਿੰਘ (ਬੀ.ਪੀ. ਸਿੰਘ) ਦਾ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਅਸ਼ੋਕ ਪੰਡਿਤ ਨੇ ਦੱਸਿਆ ਕਿ ਬੀ.ਪੀ. ਸਿੰਘ ਨੂੰ ਸਵੇਰੇ ਵੱਡਾ ਹਾਰਟ ਅਟੈਕ ਆਇਆ ।
ਉਨ੍ਹਾਂ ਦਾ ਅੰਤਿਮ ਸਸਕਾਰ ਬੁੱਧਵਾਰ, 28 ਅਕਤੂਬਰ ਨੂੰ ਕੀਤਾ ਜਾਵੇਗਾ। ਦੋ ਦਹਾਕਿਆਂ ਤੱਕ ਚੱਲੇ ਅਪਰਾਧ-ਆਧਾਰਿਤ ਸ਼ੋਅ ‘ਸੀਆਈਡੀ’ ਨਾਲ ਬੀ.ਪੀ. ਸਿੰਘ ਨੂੰ ਦੇਸ਼ ਭਰ ਵਿੱਚ ਪਛਾਣ ਮਿਲੀ ਸੀ। ਦੇਹਰਾਦੂਨ ਵਿੱਚ ਜਨਮੇ ਬ੍ਰਿਜੇਂਦਰ ਪਾਲ ਸਿੰਘ ਨੇ ਭਾਰਤੀ ਟੈਲੀਵਿਜ਼ਨ ਦਾ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਕ੍ਰਾਈਮ ਸ਼ੋਅ ‘ਸੀਆਈਡੀ’ ਬਣਾਇਆ ਸੀ। ਇਹ ਸ਼ੋਅ ਸਾਲ 1998 ਵਿੱਚ ਸ਼ੁਰੂ ਹੋਇਆ ਸੀ ਅਤੇ ਲਗਾਤਾਰ ਦੋ ਦਹਾਕਿਆਂ ਤੱਕ ਪ੍ਰਸਾਰਿਤ ਹੋਇਆ। ਇਸ ਸ਼ੋਅ ਵਿੱਚ ਬੀ.ਪੀ. ਸਿੰਘ ਨੇ ਸਿਰਫ਼ ਨਿਰਮਾਣ ਅਤੇ ਨਿਰਦੇਸ਼ਨ ਹੀ ਨਹੀਂ ਕੀਤਾ, ਸਗੋਂ ਸਮੇਂ-ਸਮੇਂ ‘ਤੇ ਡੀਸੀਪੀ ਸ਼ਮਸ਼ੇਰ ਸਿੰਘ ਚਿਤ੍ਰੋਲੇ ਦਾ ਕਿਰਦਾਰ ਵੀ ਨਿਭਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























