ਭਾਜਪਾ ਦੇ ਸੀਨੀਅਰ ਕੌਮੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਚੰਡੀਗੜ੍ਹ, 3 ਅਗਸਤ(ਵਿਸ਼ਵ ਵਾਰਤਾ)ਭਾਜਪਾ ਦੇ ਸੀਨੀਅਰ ਕੌਮੀ ਆਗੂ ਅਤੇ ਕਿਸਾਨ ਮੋਰਚੇ ਦੇ ਸਾਬਕਾ ਰਾਸ਼ਟਰੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਲਗਾਤਾਰ 34 ਸਾਲਾਂ ਤੋਂ ਵੱਧ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਨ ਉਪਰੰਤ ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ, ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਰਾਹੀਂ ਭੇਜ ਦਿੱਤਾ ਹੈ।
ਆਪਣੇ ਐਕਸ (X) ਖਾਤੇ ’ਤੇ ਪਾਈ ਪੋਸਟ ਵਿੱਚ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਲਿਖਿਆ ਕਿ ਇਹ ਅਸਤੀਫ਼ਾ ਸਿਰਫ਼ ਇੱਕ ਸਿਆਸੀ ਪਾਰਟੀ ਨਾਲ ਨਾਤਾ ਤੋੜਨ ਦਾ ਫ਼ੈਸਲਾ ਨਹੀਂ, ਸਗੋਂ ਤਿਆਗ, ਸਮਰਪਣ, ਅਨੁਸ਼ਾਸਨ ਅਤੇ ਅਡੋਲ ਵਿਚਾਰਧਾਰਕ ਵਚਨਬੱਧਤਾ ਨਾਲ ਤੈਅ ਕੀਤੇ ਇੱਕ ਲੰਮੇ ਸਫ਼ਰ ਦਾ ਅੰਤ ਹੈ।
https://x.com/sukhgrewalbjp/status/2083922203306078487
ਉਨ੍ਹਾਂ ਕਿਹਾ ਕਿ ਅੱਜ ਦੀ ਪੰਜਾਬ ਭਾਜਪਾ ਉਸ ਪਾਰਟੀ ਨਾਲੋਂ ਲਗਭਗ ਪੂਰੀ ਤਰ੍ਹਾਂ ਵੱਖਰੀ ਹੋ ਚੁੱਕੀ ਹੈ, ਜਿਸ ਨਾਲ ਉਹ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਜੁੜੇ ਸਨ। ਉਨ੍ਹਾਂ ਦੇ ਅਨੁਸਾਰ ਤਿਆਗ, ਸਮਰਪਣ ਅਤੇ ਇਮਾਨਦਾਰ ਕਾਰਕੁਨਾਂ ਦਾ ਸਤਿਕਾਰ ਕਰਨ ਵਾਲਾ ਮਾਹੌਲ ਹੌਲੀ-ਹੌਲੀ ਖ਼ਤਮ ਹੁੰਦਾ ਗਿਆ ਹੈ, ਜਿਸ ਕਾਰਨ ਹਜ਼ਾਰਾਂ ਨਿਸ਼ਕਾਮ ਅਤੇ ਵਫ਼ਾਦਾਰ ਕਾਰਕੁਨ ਨਿਰਾਸ਼ ਅਤੇ ਹਤਾਸ਼ ਹੋ ਚੁੱਕੇ ਹਨ।























