ਆਲ ਇੰਡੀਆ ਲਾਇਰਜ਼ ਯੂਨੀਅਨ ਪੰਜਾਬ ਵੱਲੋਂ ਵਕੀਲ ਭਾਈਚਾਰੇ ਦੁਆਰਾ ਵਿੱਢੇ ਸੰਘਰਸ਼ ਦਾ ਡਟਵਾਂ ਸਮਰਥਨ
ਚੰਡੀਗੜ੍ਹ, 30 ਜੁਲਾਈ (ਵਿਸ਼ਵ ਵਾਰਤਾ ) ਆਲ ਇੰਡੀਆ ਲਾਇਰਜ਼ ਯੂਨੀਅਨ (ਆਇਲੂ) ਪੰਜਾਬ ਇਕਾਈ ਨੇ ਸੂਬੇ ਦੇ ਵਕੀਲ ਭਾਈਚਾਰੇ ਵੱਲੋਂ ਐਲ.ਏ.ਡੀ.ਸੀ. ਸਿਸਟਮ ਵਿਰੁੱਧ ਆਰੰਭੇ ਸੰਘਰਸ਼ ਦਾ ਡੱਟਵਾਂ ਸਮੱਰਥਨ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅਤੇ ਨਾਲਸਾ ਇਸ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਨੂੰ ਤੁਰੰਤ ਵਾਪਸ ਲਵੇ।
ਅੱਜ ਇੱਥੇ ਆਇਲੂ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਧੀਰਜ ਕੁਮਾਰ ਜਲੰਧਰ,ਸੂਬਾ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਸੂਬਾ ਵਿੱਤ ਸਕੱਤਰ ਡਾਕਟਰ ਰਾਜਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਦੇ ਵਕੀਲ ਇਸ ਮੁੱਦੇ ਨੂੰ ਲੈ ਕੇ 7 ਜੁਲਾਈ ਤੋਂ ਅਦਾਲਤੀ ਕੰਮਕਾਜ ਠੱਪ ਕਰਕੇ ਸੰਘਰਸ਼ ਦੇ ਰਾਹ ਪਏ ਹੋਏ ਹਨ ਅਤੇ ਇਹ ਸੰਘਰਸ਼ ਦਿਨੋ ਦਿਨ ਤਿੱਖਾ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਹ ਨੀਤੀ ਦੋਸ਼ਪੂਰਨ ਹੋਣ ਕਰਕੇ ਵਕੀਲਾਂ ਅਤੇ ਆਮ ਲੋਕਾਂ ਦੇ ਹੱਕਾਂ ਹਿਤਾਂ ਨੂੰ ਸੰਵਿਧਾਨਕ ਦਾਇਰੇ ਮੁਤਾਬਕ ਪੂਰਾ ਨਹੀਂ ਕਰਦੀ। ਇਸ ਤੋਂ ਬਿਨਾਂ ਇਹ ਨੀਤੀ ਨਾਲ ਸਮਾਜ ਵਿੱਚ ਅਰਾਜਕਤਾ ਵਧੇਗੀ।
ਨਸ਼ਿਆਂ,ਅਪਰਾਧਾਂ, ਗੁੰਡਾਗਰਦੀ ਆਦਿ ਦੀ ਘਟਨਾਵਾਂ ਵਿੱਚ ਭਾਰੀ ਵਾਧਾ ਹੋਵੇਗਾ।
ਆਗੂਆਂ ਨੇ ਕਿਹਾ ਕਿ ਐਲ.ਏ.ਡੀ.ਸੀ.ਨੀਤੀ ਤਹਿਤ ‘ਆਪੇ ਪਰਚਾ- ਆਪੇ ਖਰਚਾ’ ਜਿਹਾ ਰੁਝਾਨ ਪ੍ਰਫੁੱਲਿਤ ਹੋਵੇਗਾ ਜਿਸਦੇ ਭਵਿੱਖ ਦੇ ਸਮੇਂ ਵਿੱਚ ਮਾਰੂ ਪ੍ਰਭਾਵ ਪੈਣਗੇ। ਆਇਲੂ ਆਗੂਆਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਹੇਠਲੇ ਜੂਡੀਸੀਅਲ ਅਧਿਕਾਰੀਆਂ ਨੂੰ ਐਕਸ਼ਨ ਪਲਾਨ ਤਹਿਤ ਕੇਸਾਂ ਦਾ ਨਿਪਟਾਰਾ ਕਰਨ ਦੇ ਕੋਟੇ ਵੰਡੇ ਜਾ ਰਹੇ ਹਨ, ਇੰਨ੍ਹਾਂ ਪੁਰਾਣੇ ਕੇਸਾਂ ਵਿੱਚ ਧਿਰਾਂ ਨਾਲ ਇੰਨਸਾਫ਼ ਨਹੀਂ ਕੀਤਾ ਜਾ ਰਿਹਾ, ਮਹਿਜ਼ ਇੱਕ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ ਅਤੇ ਨਿਸਚਿਤ ਸਮਾਂ ਸੀਮਾ ਵਿੱਚ ਇੰਨ੍ਹਾਂ ਪੁਰਾਣੇ ਕੇਸਾਂ ਨੂੰ ‘ਨਿਬੇੜਿਆ’ ਜਾ ਰਿਹਾ ਹੈ।
ਆਇਲੂ ਦੇ ਆਗੂਆਂ ਨੇ ਕਿਹਾ ਕਿ ਐਲ.ਏ.ਡੀ.ਸੀ. ਨੀਤੀ ਵਕੀਲਾਂ ਦੇ ਪੇਸ਼ੇ ‘ਤੇ ਆਰਥਿਕ ਸੱਟ ਵੀ ਮਾਰੇਗੀ ਅਤੇ ਅਦਾਲਤਾਂ ਵਿੱਚ ਭਾਈ-ਭਤੀਜਾਵਾਦ ਦੇ ਰੁਝਾਨ ਨੂੰ ਹੋਰ ਵਧੇਰੇ ਉਤਸ਼ਾਹਿਤ ਕਰੇਗੀ। ਉਨ੍ਹਾਂ ਆਲ ਇੰਡੀਆ ਲਾਇਰਜ਼ ਯੂਨੀਅਨ ਪੰਜਾਬ ਦੀਆਂ ਸਾਰੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ ਐਲ.ਏ.ਡੀ.ਸੀ.ਸਿਸਟਮ ਵਿਰੁੱਧ ਆਰੰਭ ਆਰ-ਪਾਰ ਦੇ ਸੰਘਰਸ਼ ਵਿੱਚ ਡੱਟ ਕੇ ਭੂਮਿਕਾ ਨਿਭਾਉਣ।























