ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੱਡੀ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ 2828 ਏਕੜ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਨਜ਼ਾਇਜ ਕਬਜ਼ਾ
ਮੋਹਾਲੀ, 29 ਜੁਲਾਈ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਅੱਜ ਮੋਹਾਲੀ ਜ਼ਿਲ੍ਹੇ ਦੇ ਛੋਟੀ ਵੱਡੀ ਨੰਗਲ ਵਿਚੋਂ ਨਜ਼ਾਇਜ਼ ਕਬਜ਼ੇ ਛੁਡਵਾਏ ਗਏ। ਨਜਾਇਜ਼ ਕਬਜ਼ਾ ਛੁਡਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਅਫਸਰ ਵੀ ਸ਼ਾਮਲ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਰਸੂਖਦਾਰ ਵਿਅਕਤੀਆਂ ਨੇ ਜ਼ਮੀਨ ਨੂੰ ਆਪਣੇ ਨਾਮ ਕਰਵਾ ਲਿਆ ਸੀ। ਉਨ੍ਹਾਂ ਕਿਹਾ ਕਿ ਅੱਜ ਬਿਨਾਂ ਕਿਸੇ ਝਗੜੇ ਦੇ 2828 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਵਿਚੋਂ ਛੁਡਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਖੈਰ ਦੀ ਲੱਕੜ ਵੀ ਲੱਗੀ ਹੋਈ ਹੈ ਜਿਸ ਦੀ ਕੀਮਤ ਕਰੀਬ 50 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਅੱਜ ਕਰੀਬ 300 ਕਰੋੜ ਰੁਪਏ ਦੀ ਜ਼ਮੀਨ ਛੁਡਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੀ 1100 ਏਕੜ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਦਾਲਤ ਵਿਚੋਂ ਕੇਸ ਜਿੱਤਿਆ ਹੈ, ਉਸ ਤੋਂ ਬਾਅਦ ਕਬਜ਼ਾ ਛੁਡਵਾਇਆ ਗਿਆ ਹੈ। ਇਸ ਮੌਕੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਹੁਣ ਤੱਕ 9053 ਏਕੜ ਛੁਡਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਛੋਟੀ ਵੱਡੀ ਨੰਗਲ ਵਿੱਚੋਂ ਸਰਕਾਰੀ ਜ਼ਮੀਨ ਨੂੰ ਛੁਡਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਵਿੱਚ 16 ਬੰਦੇ ਸਨ। ਉਨ੍ਹਾਂ ਕਿਹਾ ਕਿ ਇਸ ਵਿੱਚ ਫੌਜਾ ਸਿੰਘ ਜੋ ਕਿ ਪ੍ਰਾਈਵੇਟ ਕੰਪਨੀ ਹੈ ਉਸ ਕੁਲ 1100 ਏਕੜ ਜ਼ਮੀਨ ਹੈ।
ਦੱਸਣਯੋਗ ਹੈ ਕਿ ਇਸ ਮੌਕੇ ਤੇ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਦੇ ਕਬਜ਼ੇ ਵਿੱਚੋਂ 125 ਏਕੜ ਅਤੇ ਧੀ ਜਵਾਈ ਕੋਲੋਂ 28 ਏਕੜ ਜ਼ਮੀਨ ਛੁਡਵਾਈ ਗਈ ਹੈ। ਧਾਵਨ ਮੈਸਰਜ਼ 300 ਏਕੜ, ਸਿਮਰਨਜੀਤ ਮਾਨ ਦੇ ਧੀ ਜਵਾਈ ਕੋਲੋਂ 28 ਏਕੜ ਜ਼ਮੀਨ, ਨਵਦੀਪ ਕੌਰ ਪਤਨੀ ਰਣਜੀਤ ਕੌਰ 15, ਤੇਜਵੀਰ ਸਿੰਘ ਢਿੱਲੋਂ, 10 ਏਕੜ, ਦੀਪਇੰਦਰ ਸਿੰਘ ਚਹਿਲ 8 ਏਕੜ, ਹਰਮਨਦੀਪ ਸਿੰਘ ਧਾਲੀਵਾਲ ਪੁੱਤਰ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਲੋਂ 5 ਏਕੜ, ਰੀਟਾ ਸ਼ਰਮਾ ਕੋਲ 4 ਏਕੜ ਤੇ ਹੋਰਨਾਂ ਵਿਅਕਤੀਆਂ ਕੋਲੋਂ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਹੈ।























