
ਫਾਜ਼ਿਲਕਾ, 29 ਮਾਰਚ ( ਵਿਸ਼ਵ ਵਾਰਤਾ)-ਜ਼ਿਲਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਬੀਤੇ ਦਿਨ ਬੈਂਕ ਖੋਲ੍ਹਣ ਦੇ ਜਾਰੀ ਕੀਤੇ ਹੁਕਮਾਂ ਵਿੱਚ ਸ਼ੋਧ ਕਰਦਿਆਂ ਫਾਜ਼ਿਲਕਾ ਦੇ ਸਮੂਹ ਬਹੁਮੰਤਵੀ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀਆਂ ਲਿਮਟਿਡ ਦੇ ਮੈਂਬਰਾਂ ਦੀ ਸਹੂਲਤ ਲਈ ਇਹ ਸੁਸਾਇਟੀਆਂ ਅਤੇ ਦਿ ਫਾਜ਼ਿਲਕਾ ਸਹਿਕਾਰੀ ਬੈਂਕ ਲਿਮਟਿਡ ਦੀਆਂ ਸਾਰੀਆਂ ਬਰਾਂਚਾਂ ਨੂੰ ਵੀ ਕਰਫਿਊ ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦੀ ਮਨਜੂਰੀ ਦਿੱਤੀ ਹੈ।
ਇਨ੍ਹਾਂ ਹੁਕਮਾਂ ਅਨੁਸਾਰ ਬਹੁਮੰਤਵੀ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀਆਂ ਲਿਮਟਿਡ ਅਤੇ ਸਹਿਕਾਰੀ ਬੈਂਕਾਂ ਦੇ ਅਮਲੇ ਨੂੰ ਆਪਣੇ ਤਸਦੀਕ ਸੁਦਾ ਪ੍ਰਮਾਣ ਪੱਤਰ (ID-Cards) ਸਮੇਤ ਕਰਫਿਊ ਦੌਰਾਨ ਆਵਾਜਾਈ ਦੀ ਇਜਾਜਤ ਰਹੇਗੀ ਅਤੇ ਉਨ੍ਹਾਂ ਦੇ ਪ੍ਰਮਾਣ ਪੱਤਰ ਕਰਫਿਊ ਪਾਸ ਵਜੋਂ ਮੰਨੇ ਜਾਣਗੇ।
ਇਹ ਸੇਵਾ ਸੁਸਾਇਟੀਆਂ ਆਪਣੇ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਿਰਫ ਵਸਤਾਂ ਮੁਹੱਈਆ ਕਰਵਾਉਣਗੀਆਂ। ਇਨ੍ਹਾਂ ਸੁਸਾਇਟੀਆਂ ਦੇ ਕਰਮਚਾਰੀ ਸਿਰਫ ਆਪਣੀਆਂ ਸੰਬੰਧਤ ਸਹਿਕਾਰੀ ਬੈਂਕ ਦੀਆਂ ਬਰਾਂਚਾਂ ਵਿੱਚ ਹੀ ਜਾਣਗੇ। ਜ਼ਿਲ੍ਹਾ ਖੁਰਾਕ ਸਪਲਾਈਜ ਕੰਟਰੋਲਰ (ਡੀ. ਐਫ. ਐਸ. ਸੀ.) ਇਨ੍ਹਾਂ ਬਹੁਮੰਤਵੀ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀਆਂ ਨੂੰ ਲਾਜਮੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣਗੇ ਅਤੇ ਜ਼ਿਲ੍ਹਾ ਮੈਨੇਜਰ, ਮਾਰਕਫੈਡ ਇਨ੍ਹਾਂ ਸੁਸਾਇਟੀਆਂ ਲਈ ਪਸੂਆਂ ਦੇ ਚਾਰੇ ਦੀ ਸਪਲਾਈ ਨੂੰ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਸੁਸਾਇਟੀਆਂ ਅਤੇ ਸਹਿਕਾਰੀ ਬੈਂਕਾਂ ਦੇ ਸਟਾਫ ਨੂੰ ਕੋਰੋਨਾ ਵਾਇਰਸ ਦੇ ਮੱਦੇਨਜਰ ਇੱਕ-ਦੂਜੇ ਤੋਂ ਨਿਰਧਾਰਤ ਦੂਰੀ ਬਣਾਏ ਰੱਖਣ, ਸੈਨੇਟਾਈਜਰ, ਸਾਬਣ ਅਤੇ ਮਾਸਕ ਦੀ ਵਰਤੋਂ ਦੇ ਨਾਲ-ਨਾਲ ਸਫਾਈ ਪ੍ਰਬੰਧਾਂ ਦੀ ਇੰਨ-ਬਿੰਨ ਪਾਲਣਾ ਨੂੰ ਮੁਕੰਮਲ ਤੌਰ ਤੇ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।
ਇਸੇ ਤਰ੍ਹਾਂ ਵੱਖ-ਵੱਖ ਬੈਂਕਾਂ ਨਾਲ ਸੰਬੰਧਤ ਵਪਾਰਕ ਨੁਮਾਇੰਦਿਆਂ (Business Correspondents) ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਗਾਹਕਾਂ ਨੂੰ ਲੋੜ ਪੈਣ ‘ਤੇ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣਗੇ। ਇਹ ਨੁਮਾਇੰਦੇ ਵੀ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਣਗੇ ਅਤੇ ਉਨ੍ਹਾਂ ਨੂੰ ਬੈਂਕਾਂ ਵੱਲੋਂ ਜਾਰੀ ਕੀਤੇ ਪ੍ਰਮਾਣ ਪੱਤਰ ਕਰਫਿਊ ਪਾਸ ਵਜੋਂ ਮੰਨੇ ਜਾਣਗੇ।
————





















