ਹੰਗਾਮੇ ਕਾਰਨ ਠੱਪ ਹੋ ਰਹੀ ਸੰਸਦ ਦੀ ਕਾਰਵਾਈ ਬਾਬਤ ਸੰਤ ਸੀਚੇਵਾਲ ਨੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ
ਸੰਸਦ ਦੀ ਕਾਰਵਾਈ ਵਾਰ-ਵਾਰ ਮੁਲਤਵੀ ਹੋਣ ਨਾਲ ਦੇਸ਼ ਦਾ ਆਰਥਿਕ ਪੱਖੋਂ ਹੋ ਰਿਹਾ ਹੈ ਵੱਡਾ ਨੁਕਸਾਨ: ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 04 ਅਪ੍ਰੈਲ(ਵਿਸ਼ਵ ਵਾਰਤਾ)- ਬਜਟ ਇਜਲਾਸ ਦੌਰਾਨ ਹੋਏ ਹੰਗਾਮਿਆਂ ਕਾਰਨ ਸੰਸਦ ਦੀ ਕਾਰਵਾਈ ਠੱਪ ਰਹਿਣ ਕਾਰਨ ਸਮੇਂ ਤੇ ਪੈਸਿਆਂ ਦੀ ਹੋਈ ਬਰਬਾਦੀ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਚੇਅਰਮੈਨ ਸ੍ਰੀ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਭਾਸ਼ਾ ਵਿਚ ਲਿਖੇ ਆਪਣੇ ਪੱਤਰ ਵਿਚ ਬਹੁਤ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਸੱਤਾਧਾਰੀ ਤੇ ਵਿਰੋਧੀ ਧਿਰਾਂ ਵੱਲੋਂ ਸੰਸਦ ਨਾ ਚੱਲਣ ਕਾਰਨ ਜਿੱਥੇ ਦੇਸ਼ ਦੇ ਲੋਕਾਂ ਦੇ ਕਰੋੜਾਂ ਰੁਪਏ ਬਰਬਾਦ ਹੋਏ ਹਨ ਉੱਥੇ ਹੀ ਗੰਭੀਰ ਮੁੱਦਿਆਂ ਤੇ ਚਰਚਾ ਨਹੀ ਹੋ ਸਕੀ। ਉਹਨਾਂ ਆਪਣੇ ਪੱਤਰ ਵਿਚ ਕਿਹਾ ਕਿ ਉਹਨਾਂ ਨੇ ਕਰੀਬ 10 ਮਹੀਨੇ ਪਹਿਲਾਂ ਪੰਜਾਬ ਤੋਂ ਰਾਜਸਭਾ ਦੇ ਮੈਂਬਰ ਵਜੋਂ ਸੇਵਾ ਸ਼ੁਰੂ ਕੀਤੀ ਸੀ। ਉਹਨਾਂ ਦੱਸਿਆ ਕਿ ਸਾਡੀ ਸਿਆਸਤ ਵਿੱਚ ਕਦੇ ਕੋਈ ਰੁਚੀ ਨਹੀਂ ਰਹੀ। ਉਹਨਾਂ ਦੀ ਸਮੁੱਚੀ ਜ਼ਿੰਦਗੀ ਵਾਤਾਵਰਨ ਸੰਭਾਲ ਅਤੇ ਸਮਾਜ ਸੇਵਾ ਨੂੰ ਸਮਰਪਿਤ ਰਹੀ ਹੈ ਜਿਸਨੂੰ ਦੇਖਦਿਆਂ ਹੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਲ਼ਈ ਨਾਮਜਦ ਕੀਤਾ ਗਿਆ ਸੀ ਤਾਂ ਕਿ ਵਾਤਾਵਰਣ ਤੇ ਪਾਣੀਆਂ ਦੇ ਮੁੱਦੇ ‘ਤੇ ਕੀਤੇ ਕਾਰਜਾਂ ਦੇ ਤਜ਼ਰਬੇ ਦਾ ਲਾਭ ਸਮੁੱਚੇ ਦੇਸ਼ ਨੂੰ ਮਿਲ ਸਕੇ। ਇਸੇ ਉਦੇਸ਼ ਨੂੰ ਲੈ ਕੇ ਉਹਨਾਂ ਰਾਜ ਸਭਾ ਨੂੰ ਸਵੀਕਾਰਿਆ ਸੀ। ਰਾਜ ਸਭਾ ਦੇ ਮੈਂਬਰ ਵਜੋਂ ਉਹਨਾਂ ਨੇ ਸੰਖ਼ੇਪ ਜਿਹੇ ਕਾਰਜਕਾਲ ਦੌਰਾਨ 3 ਸੰਸਦ ਇਜਲਾਸ ਵਿੱਚ ਹਾਜ਼ਰੀ ਭਰੀ ਹੈ ਤੇ ਉਹਨਾਂ ਪਹਿਲੇ ਅਤੇ ਦੂਜੇ ਦੋਵੇਂ ਇਜਲਾਸਾਂ ਦੌਰਾਨ ਪੰਜਾਬ ਅਤੇ ਮੁਲਕ ਦੇ ਕੁਝ ਅਹਿਮ ਲੋਕਪੱਖ਼ੀ ਮਸਲੇ ਉਠਾਏ ਸੀ। ਪਰ ਮੌਜੂਦਾ ਬਜਟ ਸੈਸ਼ਨ ਦੇ ਦੋਵੇਂ ਹਿੱਸਿਆ ਵਿੱਚ ਹੁਣ ਤੱਕ ਕਾਰਵਾਈ ਸਦਨ ਵਿਚਲੇ ਹੰਗਾਮੇ ਦੌਰਾਨ ਠੱਪ ਪਈ ਹੈ। ਜਿਸ ਕਾਰਨ ਉਹਨਾਂ ਨੂੰ ਰਾਜ ਸਭਾ ਵਿਚ ਆਉਣ ਦੇ ਮਕਸਦ ਦਾ ਸੁਪਨਾ ਟੁੱਟਦਾ ਲੱਗ ਰਿਹਾ ਹੈ।
ਉਹਨਾਂ ਦੱਸਿਆ ਕਿ ਕਿ ਉਹ ਚਾਹੁੰਦੇ ਹਾਂ ਕਿ ਅਡਾਨੀ ਮੁੱਦੇ ਉੱਤੇ ਵਿਰੋਧੀ ਧਿਰ ਦੀ ਮੰਗ ਮੁਤਾਬਕ ਜੇਪੀਸੀ ਦਾ ਗਠਨ ਹੋਵੇ। ਪਰ ਉਹ ਇਹ ਨਹੀਂ ਚਾਹੁੰਦੇ ਕਿ ਇਸ ਨਾਲ ਸੰਸਦ ਦੀ ਕਾਰਵਾਈ ਹੀ ਨਾ ਚੱਲੇ। ਉਹਨਾਂ ਸਵਾਲ ਉਠਾਦਿਆ ਕਿਹਾ ਕਿ ਜੇਕਰ ਮੁਲਕ ਦੀ ਲੀਡਰਸ਼ਿਪ ਸੰਸਦ ਚਲਾਉਣ ਦਾ ਹੀ ਮਸਲਾ ਹੱਲ ਨਹੀਂ ਕਰ ਸਕਦੀ ਤਾਂ ਮੁਲਕ ਦੇ ਅਸਲ ਮੁੱਦੇ ਹੱਲ ਕਿਵੇਂ ਹੋਣਗੇ।
ਉਹਨਾਂ ਦੱਸਿਆ ਕਿ ਸੰਸਦ ਦੇ ਇਸ ਅਪਰ ਹਾਊਸ ਵਿੱਚ ਆਉਣ ਵਾਲੇ ਮੈਂਬਰਾਂ ਤੋਂ ਦੇਸ਼ ਦੇ ਲੋਕ ਆਸ ਕਰਦੇ ਹਨ ਕਿ ਉਹ ਵੱਖ-ਵੱਖ ਖੇਤਰਾਂ ਦੇ ਮਾਹਰ ਹੋਣਗੇ ਅਤੇ ਆਮ ਸਿਆਸਤ ਵਿੱਚ ਨਾ ਪੈ ਕੇ ਮੁਲਕ ਦੇ ਮਸਲਿਆਂ ਉੱਤੇ ਗੰਭੀਰ ਚਰਚਾ ਉਪਰੰਤ ਨੀਤੀਆਂ ਘੜਨ ਵਿੱਚ ਮਦਦਗਾਰ ਸਾਬਿਤ ਹੋਣਗੇ ਪਰ ਜੇਕਰ ਉਹੀ ਸਦਨ ਦੇ ਮੈਂਬਰ ਕਾਰਵਾਈ ਨੂੰ ਮਿਲ ਬੈਠ ਕੇ ਚਲਾਉਣ ਲ਼ਈ ਨਹੀਂ ਸੋਚ ਸਕਦੇ ਤਾਂ ਉਹ ਦੇਸ਼ ਦੇ ਗੰਭੀਰ ਮੁੱਦਿਆਂ ਬਾਰੇ ਕਿਵੇਂ ਸੰਵਾਦ ਰਚਾਉਣਗੇ, ਅਤੇ ਇਨ੍ਹਾਂ ਦਾ ਹੱਲ ਲੱਭਣਗੇ।
ਉਹਨਾਂ ਰਾਜ ਸਭਾ ਚੇਅਰਮੈਨ ਕੋਲੋਂ ਮੰਗ ਕਰਦਿਆ ਕਿਹਾ ਕਿ ਤੁਸੀਂ ਸਦਨ ਦੇ ਕਸਟੋਡੀਅਨ ਹੋ, ਸੰਸਦੀ ਕਦਰਾਂ ਕੀਮਤਾਂ ਦੀ ਰੱਖਿਆ ਕਰਵਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਤੁਹਾਨੂੰ ਇਹ ਕੋਸ਼ਿਸ਼ਾਂ ਕਰਦੇ ਲਗਾਤਾਰ ਦੇਖਦੇ ਵੀ ਹਾਂ। ਪਰ ਇਹ ਅਣਕਿਆਸੇ ਹਾਲਾਤ ਹਨ, ਇਨ੍ਹਾਂ ਵਿੱਚ ਕੋਈ ਮਿਸਾਲੀ ਕਦਮ ਚੁੱਕਣ ਦੀ ਲੋੜ ਹੈ। ਘੱਟੋ ਘੱਟ ਜ਼ੀਰੋ ਆਵਰ, ਵਿਸ਼ੇਸ਼ ਮੈਨਸ਼ਨ, ਪ੍ਰਸ਼ਨਕਾਲ ਤਾਂ ਯਕੀਨੀ ਬਣਾਏ ਜਾਣ, ਕਿਉਂ ਕਿ ਰਾਜ ਸਭਾ ਉਹ ਸਦਨ ਹੈ, ਜਿਸ ਦੇ ਮੈਂਬਰਾਂ ਨੂੰ ਲੋਕਾਂ ਦੇ ਚੁਣੇ ਹੋਏ ਨੁੰਮਾਇਦੇ ਚੁਣਦੇ ਹਨ।
ਉਹਨਾਂ ਨੇ ਇਸ ਚਿੱਠੀ ਰਾਹੀਂ ਪੰਜਾਬ ਦੇ ਕਿਸਾਨਾਂ ਦੀ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮਸਲਾ ਵੀ ਰਾਜ ਸਭਾ ਚੇਅਰਮੈਨ ਸਾਹਿਬ ਦੇ ਧਿਆਨ ਵਿਚ ਲਿਆਂਦਾ। ਉਹਨਾਂ ਕਿਹਾ ਕਿ ਜੀ ਪੰਜਾਬ ਦੇ ਕਿਸਾਨਾਂ ਨੇ ਭੁੱਖਮਾਰੀ ਦੌਰਾਨ ਦੇਸ਼ ਦਾ ਢਿੱਡ ਭਰਿਆ ਸੀ ਹੁਣ ਜਦੋਂ ਪੰਜਾਬ ਵਿੱਚ ਬੇਮੌਸਮੀ ਮੀਂਹ ਨਾਲ ਕਿਸਾਨਾਂ ਦੀਆਂ ਕਣਕਾਂ ਸਮੇਤ ਹੋਰ ਫਸਲਾਂ ਦੀ ਬਰਬਾਦੀ ਹੋਈ ਹੈ ਅਜਿਹੇ ਸਮੇਂ ਵਿਚ ਸਦਨ ਵਿਚ ਕਿਸਾਨਾਂ ਦੇ ਹੋਏ ਇਸ ਉਜਾੜੇ ਦੀ ਚਰਚਾ ਨਾ ਹੋ ਕਿਸਾਨਾਂ ਲਈ ਬਹੁਤ ਦੁੱਖਦਾਇਕ ਹੈ।
ਬਾਕਸ ਆਈਟਮ: ਇੱਕ ਮਿੰਟ ਵਿੱਚ ਦੋਵਾਂ ਸਦਨਾਂ ੳੇੁੱਤੇ ਆਉਂਦਾ ਹੈ ਲੱਖਾਂ ਦਾ ਖਰਚਾ:- ਉਹਨਾਂ ਦੱਦਿਆ ਕਿ ਇੱਕ ਮੋਟੇ ਜਿਹੇ ਅਨੁਮਾਨ ਮੁਤਾਬਕ ਇੱਕ ਮਿੰਟ ਵਿੱਚ ਦੋਵਾਂ ਸਦਨਾਂ ਉੱਤੇ ਢਾਈ ਲੱਖ ਰੁਪਏ ਖ਼ਰਚ ਆ ਜਾਂਦੇ ਹਨ, ਘੰਟੇ ਦੇ ਹਿਸਾਬ ਨਾਲ ਇਹ ਡੇਢ ਕਰੋੜ ਰੁਪਏ ਬਣਦਾ ਹੈ। ਬਜਟ ਦੇ ਦੋਵੇਂ ਇਜਲਾਸਾਂ ਦਾ ਬਿਨ੍ਹਾ ਚਰਚਾ ਕੀਤਿਆ ਲੰਘ ਜਾਣ ਨਾਲ ਦੇਸ਼ ਦੇ ਲੋਕਾਂ ਦਾ ਹੁਣ ਤੱਕ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਸੰਸਦ ਨੂੰ ਚਲਾਉਣ ਉੱਤੇ ਲੋਕਾਂ ਦੀ ਕਿਰਤ ਕਮਾਈ ਦਾ ਪੈਸਾ ਲੱਗਦਾ ਹੈ। ਇਹ ਸੰਸਦ ਮੈਂਬਰਾਂ ਵਲੋਂ ਬਿਨਾਂ ਕੁਝ ਕੀਤਿਆਂ ਲੋਕਾਂ ਦੇ ਕਰੋੜਾਂ ਰੁਪਏ ਦੀ ਬਰਬਾਦੀ ਦਾ ਜ਼ਿੰਮੇਵਾਰ ਕੌਣ ਹੈ.? ਇਸ ਦਾ ਉੱਤਰ ਦੇਸ਼ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਸੰਸਦ ਟੀਵੀ ਅਤੇ ਮੀਡੀਆ ਰਾਹੀ ਅਸੀਂ ਦੇਸ ਦੇ ਲੋਕਾਂ ਨੂੰ ਇਹ ਤਾਂ ਦਿਖਾ ਦਿੱਤਾ ਕਿ ਸੰਸਦ ਕਿਵੇਂ ਚੱਲਦੀ ਹੈ, ਪਰ ਇਹ ਉਨ੍ਹਾਂ ਦੀਆਂ ਭਾਵਨਾਵਾਂ ਮੁਤਾਬਕ ਚੱਲੇ ਇਹ ਦਿਖਾਉਣਾ ਸਮੇਂ ਦੀ ਲੋੜ ਹੈ।