– ਤਿੰਨ ਦਿਨਾਂ ਤੋਂ ਖੁੱਲ੍ਹੀਆਂ ਬੈਂਕਾਂ ਵਿਚ ਅੱਜ ਰਿਹਾ ਗਾਹਕਾਂ ਦਾ ਭੀੜ—ਭੜੱਕਾ
ਮਾਨਸਾ, 24 ਦਸੰਬਰ (ਵਿਸ਼ਵ ਵਾਰਤਾ)-ਦੇਸ਼ ਭਰ ਵਿਚ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਤੋਂ ਬਾਅਦ ਅੱਜ ਸੋਮਵਾਰ ਨੂੰ ਬੈਂਕਾਂ ਦੇ ਖੁੱਲਣ ਤੋਂ ਬਾਅਦ ਹੁਣ ਲਗਾਤਾਰ ਦੋ ਦਿਨਾਂ ਲਈ ਬੈਂਕਾਂ ਮੁੜ ਬੰਦ ਰਹਿਣਗੀਆਂ। 21 ਦਸੰਬਰ ਨੂੰ ਬੈਂਕਾ ਦੀ ਹੜਤਾਲ ਅਤੇ 22—23 ਦਸੰਬਰ ਨੂੰ ਚੌਥੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਅੱਜ ਬੈਂਕਾਂ ਵਿਚ ਗਾਹਕਾਂ ਦੀ ਵਾਧੂ ਭੀੜ ਬਣੀ ਰਹੀ ਅਤੇ ਹੁਣ ਦੋ ਦਿਨਾਂ ਲਈ ਮੁੜ ਬੈਂਕਾਂ ਵਿਚ ਛੁੱਟੀ ਕਾਰਨ ਗਾਹਕਾਂ ਨੂੰ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪਵੇਗਾ। ਭਲਕੇ 25 ਦਸੰਬਰ ਨੂੰ ਦੇਸ਼ ਭਰ ਵਿਚ ਕ੍ਰਿਸਮਿਸ ਦਿਵਸ ਦੀ ਛੁੱਟੀ ਹੈ ਅਤੇ 26 ਦਸੰਬਰ ਨੂੰ ਮੁਲਕ ਭਰ ਵਿਚ ਬੈਂਕ ਮੁਲਾਜਮ ਹੜਤਾਲ *ਤੇ ਜਾਣਗੇ।
ਆਲ ਇੰਡੀਆ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ *ਤੇ ਬੈਂਕਾਂ ਮੁਲਾਜਮਾਂ ਵੱਲੋਂ ਆਪਣੀ ਹੜਤਾਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬੈਂਕ ਅਧਿਕਾਰੀਆਂ ਨੇ ਕੇਂਦਰ ਸਰਕਾਰ ਨੂੰ ਬੈਂਕਾਂ ਨਾਲ ਸਬੰਧਤ ਕਈ ਪੱਖਾਂ ਦੇ ਮਾਮਲਿਆਂ ਸਬੰਧੀ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਹੁਣ 21 ਦਸੰਬਰ ਤੋਂ ਬਾਅਦ 26 ਦਸੰਬਰ ਨੂੰ ਦੇਸ਼ ਭਰ ਵਿਚ ਇਕ ਦਿਨਾਂ ਹੜਤਾਲ ਕੀਤੀ ਜਾਵੇਗੀ।
ਬੈਂਕ ਮੁਲਾਜਮਾਂ ਦੀ ਜਥੇਬੰਦੀ ਦੇ ਆਗੂ ਅਤੇ ਸੀਨੀਅਰ ਬੈਂਕ ਅਧਿਕਾਰੀ ਗੁਰਤੇਜ ਸਿੰਘ ਜਗਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ 55 ਮਹੀਨੇ ਹੋਣ *ਤੇ ਵੀ ਬੈਂਕਾਂ ਵਾਲਿਆਂ ਦੇ ਮਸਲੇ ਵਿਚਾਲੇ ਲਟਕ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਦੇ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਬੈਂਕਾਂ ਦੇ ਐਨ.ਪੀ.ਏ ਵੀ 4 ਗੁਣਾ ਤੋਂ ਵੱਧ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਰਕੇ ਹੀ ਇਹ ਐਨ.ਪੀ.ਏ ਅਤੇ 13 ਬੈਂਕਾਂ ਨੂੰ 50 ਹਜਾਰ ਕਰੋੜ ਤੋਂ ਵੱਧ ਦਾ ਘਾਟਾ ਪਿਆ ਹੈ, ਜਦੋਂ ਕਿ ਮੋਦੀ ਸਰਕਾਰ ਗਰੋਥ ਹੋਣ ਦੀਆਂ ਗੱਲਾਂ ਕਰਦੀ ਹੈ, ਜਦੋਂ ਕਿ ਅੱਜ ਹਿੰਦੋਸਤਾਨ ਦੇ ਵਿਚ ਕੋਈ ਵੀ ਗਰੋਥ ਕਿਤੇ ਵੀ ਦਿਖਾਈ ਨਹੀਂ ਦਿੰਦੀ। ਸ੍ਰੀ ਜਗਰੀ ਨੇ ਦੱਸਿਆ ਕਿ ਤਨਖਾਹ ਦੇ ਵਾਧੇ ਲਈ ਮੰਗ ਪੱਤਰ ਪਿਛਲੇ ਸਾਲ ਮਈ ਮਹੀਨੇ 2017 ਵਿਚ ਆਈ.ਬੀ.ਏ. ਨੂੰ ਪੇਸ਼ ਕੀਤਾ ਗਿਆ ਸੀ, ਜਿਸ ਦੌਰਾਨ ਸਮੁੱਚੇ ਭਾਰਤ ਵਿਚ 1 ਨਵੰਬਰ 2017 ਤੋਂ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਹੋਣਾ ਸੀ, ਪਰ ਹਾਲੇ ਤੱਕ ਇਸ ਮੁੱਦੇ *ਤੇ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਨੋਟ ਬੰਦੀ ਦੌਰਾਨ ਜੰਗੀ ਪੱਧਰ ਤੇ ਦਿਨ ਰਾਤ ਕੰਮ ਕਰਕੇ ਸਰਕਾਰ ਦੀ ਇਸ ਇੰਨੀ ਵੱਡੀ ਯੋਜਨਾ ਨੂੰ ਲਾਗੂ ਕੀਤਾ, ਪਰ ਸਰਕਾਰ ਇਨ੍ਹਾਂ ਮੁਲਾਜਮਾਂ ਦੇ ਤਨਖਾਹਾਂ ਦੇ ਵਾਧੇ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਇਸੇ ਦੌਰਾਨ ਯੂਨੀਅਨ ਦੇ ਆਗੂ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਭਾਵੇਂ ਉਹ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ, ਜਦੋਂ ਕਿ ਕੋਈ ਵੀ ਸਕੀਮਾਂ ਲਾਗੂ ਕਰਨੀਆਂ ਹੁੰਦੀਆਂ ਹਨ, ਜਿਵੇਂ ਜਨ—ਧਨ ਯੋਜਨਾ ਸਕੀਮ ਅਧੀਨ ਖਾਤੇ ਖੋਲਣਾ, ਅਟਲ ਪੈਨਸ਼ਨ ਯੋਜਨਾ, ਅਟਲ ਬੀਮਾ ਯੋਜਨਾ, ਮੁਦਰਾ ਲੋਨ, ਪ੍ਰਧਾਨ ਮੰਤਰੀ ਸਕੀਮ ਲੋਨ, ਅਤੇ ਆਧਾਰ ਲਿੰਕ ਦੀ ਯੋਜਨਾ ਆਈ ਤਾਂ ਸਾਰੇ ਹੀ ਮੁਲਾਜਮਾਂ ਅਤੇ ਅਧਿਕਾਰੀਆਂ ਨੇ ਬੜੇ ਹੀ ਤਨ—ਮਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ।