ਹਿੰਸਾ ਪੀੜਤ ਮਹਿਲਾਵਾਂ ਲਈ ਆਸ ਦੀ ਕਿਰਨ ਬਣ ਕੇ ਉੱਭਰਿਆ ‘ਸਖੀ ਵਨ ਸਟਾਪ ਸੈਂਟਰ’-ਡੀ. ਸੀ
ਸੈਂਟਰ ਨੇ ਹੁਣ ਤੱਕ ਰਾਜੀਨਾਮੇ ਰਾਹੀਂ 209 ਘਰ ਟੁੱਟਣ ਤੋਂ ਬਚਾਏ
ਨਵਾਂਸ਼ਹਿਰ, 19 ਦਸੰਬਰ (ਵਿਸ਼ਵ ਵਾਰਤਾ)-ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਸਥਾਨਕ ਜ਼ਿਲਾ ਹਸਪਤਾਲ ਕੰਪਲੈਕਸ ਵਿਚ ਚਲਾਇਆ ਜਾ ਰਿਹਾ ‘ਸਖੀ ਵਨ ਸਟਾਪ ਸੈਂਟਰ’ ਹਿੰਸਾ ਪੀੜਤ ਮਹਿਲਾਵਾਂ ਲਈ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ। ਸੈਂਟਰ ਵੱਲੋਂ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਪੀੜਤ ਮਹਿਲਾਵਾਂ ਦੀ ਇਲਾਜ ਤੋਂ ਲੈ ਕੇ ਕਾਨੂੰਨੀ ਕਾਰਵਾਈ ਤੱਕ ਹਰ ਲੋੜ ਨੂੰ ਇਕੋ ਛੱਤ ਥੱਲੇ ਪੂਰਾ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਖੀ ਵਨ ਸਟਾਪ ਸੈਂਟਰ ਦੇ ਕੰਮਕਾਜ ਦਾ ਮੁਲਾਂਕਣ ਕਰਨ ਲਈ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਇਸ ਸੈਂਟਰ ਦਾ ਮੁੱਖ ਮੰਤਵ ਹਿੰਸਾ ਪੀੜਤ ਔਰਤਾਂ ਨੂੰ ਇਲਾਜ, ਕਾਨੂੰਨੀ ਸਹਾਇਤਾ ਅਤੇ ਮਾਨਸਿਕ ਰਾਹਤ ਲਈ ਕਾਊਂਸਲਿੰਗ ਪ੍ਰਦਾਨ ਕਰਨਾ ਹੈ।
ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਸੈਂਟਰ ਵਿਚ ਹੁਣ ਤੱਕ 237 ਕੇਸ ਆਏ ਹਨ, ਜਿਨਾਂ ਵਿਚੋਂ 209 ਦੇ ਰਾਜੀਨਾਮੇ ਰਾਹੀਂ ਦੋਵਾਂ ਧਿਰਾਂ ਦੀ ਕਾਊਂਸਲਿੰਗ ਕਰ ਕੇ ਇਨਾਂ ਦੇ ਆਪਸੀ ਗਿਲੇ-ਸ਼ਿਕਵੇ ਦੂਰ ਕਰ ਕੇ ਘਰ ਟੁੱਟਣ ਤੋਂ ਬਚਾਏ ਹਨ, ਜੋ ਹੁਣ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਕੁਝ ਮਾਮਲੇ, ਜਿਨਾਂ ਵਿਚ ਆਪਸੀ ਸਮਝੌਤੇ ਦੀ ਗੁੰਜਾਇਸ਼ ਨਹੀਂ ਹੁੰਦੀ, ਉਨਾਂ ਨੂੰ ਲੋੜ ਅਨੁਸਾਰ ਪੋਲਿਸ ਕੋਲ ਜਾਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਹੁਣ ਤੱਕ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ 33 ਕੇਸ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ 23 ਕੇਸ ਭੇਜੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਨੂੰ ਮਹਿਲਾ ਹਿੰਸਾ ਨਾਲ ਪੀੜਤ ਕੋਈ ਮਾਮਲਾ ਨਜ਼ਰ ਆਉਂਦਾ ਹੈ ਤਾਂ ਉਸ ਪੀੜਤ ਮਹਿਲਾ ਨੂੰ ਜ਼ਿਲਾ ਹਸਪਤਾਲ ਕੰਪਲੈਕਸ ਅੰਦਰ ਸਥਾਪਿਤ ਸਖੀ ਵਨ ਸਟਾਪ ਸੈਂਟਰ ਨਵਾਂਸ਼ਹਿਰ ਬਾਰੇ ਜਾਗਰੂਕ ਕੀਤਾ ਜਾਵੇ।
ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਸਖੀ ਵਨ ਸਟਾਪ ਸੈਂਟਰ ਵਿਚ ਆਉਣ ਵਾਲੀ ਪੀੜਤ ਮਹਿਲਾ ਲਈ ਐਮਰਜੈਂਸੀ ਮੈਡੀਕਲ ਸਹੂਲਤ, ਪੁਲਿਸ ਮਦਦ, ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਫੌਰੀ ਤੌਰ ਤੇ ਪਰਚਾ ਕਰਜ ਕਰਵਾਉਣ ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਹਿੰਸਾ ਪੀੜਤ ਔਰਤ ਆਪਣੇ ਬੱਚਿਆਂ ਨਾਲ ਆਰਜ਼ੀ ਤੌਰ ਤੇ ਪੰਜ ਦਿਨਾਂ ਲਈ ਇਸ ਸੈਂਟਰ ਵਿਚ ਆਸਰਾ ਵੀ ਲੈ ਸਕਦੀ ਹੈ।
ਇਸ ਮੌਕੇ ਸੈਂਟਰ ਐਡਮਨਿਸਟ੍ਰੇਟਰ ਮਨਜੀਤ ਕੌਰ, ਸਿਵਲ ਸਰਜਨ ਡਾ. ਆਰ. ਪੀ ਭਾਟੀਆ, ਡੀ. ਐਸ. ਪੀ ਨਿਰਮਲ ਸਿੰਘ, ਸੀ. ਡੀ. ਪੀ. ਓ ਨਵਾਂਸ਼ਹਿਰ ਜਸਵੰਤ ਕੌਰ ਅਤੇ ਤਵਿੰਦਰ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਅਤੇ ਅਧਿਕਾਰੀ ਹਾਜ਼ਰ ਸਨ।