Punjab: ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਜਲੰਧਰ ’ਚ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ
ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਹੁਣ ਜਲੰਧਰ ਵਿੱਚ ਇੱਕ ਵਾਰ ਫਿਰ ਦੇਸ਼ ਦੇ ਨਾਮੀ ਹਾਕੀ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਮਿਲੇਗਾ। ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਦੇਸ਼ ਦਾ ਵੱਕਾਰੀ ਏ-ਗ੍ਰੇਡ ਸੁਰਜੀਤ ਹਾਕੀ ਟੂਰਨਾਮੈਂਟ ਅੱਜ 22 ਤੋਂ 28 ਨਵੰਬਰ ਤੱਕ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ।
ਇਸ ਵਾਰ ਟੂਰਨਾਮੈਂਟ ਵਿੱਚ ਦੇਸ਼ ਦੀਆਂ 13 ਪ੍ਰਮੁੱਖ ਟੀਮਾਂ ਖ਼ਿਤਾਬ ਲਈ ਮੁਕਾਬਲਾ ਕਰਨਗੀਆਂ। ਸੁਰਜੀਤ ਹਾਕੀ ਸੋਸਾਇਟੀ ਵੱਲੋਂ ਇਸ ਵਾਰ ਇਨਾਮੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਜੇਤੂ ਟੀਮ ਨੂੰ ਪਹਿਲਾਂ ਮਿਲਣ ਵਾਲੇ 5.50 ਲੱਖ ਰੁਪਏ ਦੀ ਬਜਾਏ ਹੁਣ 6 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਅਤੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਨੂੰ 51 ਹਜ਼ਾਰ ਰੁਪਏ ਮਿਲਣਗੇ।
ਸੋਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਦਰਸ਼ਕਾਂ ਨੂੰ ਸਟੇਡੀਅਮ ਤੱਕ ਪਹੁੰਚਾਉਣ ਲਈ ਦਾਖ਼ਲਾ ਮੁਫ਼ਤ ਰੱਖਿਆ ਗਿਆ ਹੈ। ਟੂਰਨਾਮੈਂਟ ਵਿੱਚ ਸ਼ਾਮਲ 13 ਟੀਮਾਂ ਵਿੱਚੋਂ 11 ਨੂੰ ਚਾਰ ਪੂਲਾਂ ਵਿੱਚ ਵੰਡ ਕੇ ਸਿੱਧਾ ਲੀਗ ਪੜਾਅ ਵਿੱਚ ਜਗ੍ਹਾ ਦਿੱਤੀ ਗਈ ਹੈ, ਜਦਕਿ ਇੱਕ ਟੀਮ ਨਾਕਆਊਟ ਮੁਕਾਬਲੇ ਜਿੱਤ ਕੇ ਲੀਗ ਪੜਾਅ ਵਿੱਚ ਪਹੁੰਚੇਗੀ।
ਮੈਦਾਨ ਵਿੱਚ ਉਤਰਨ ਵਾਲੀਆਂ ਟੀਮਾਂ ਵਿੱਚ ਮੌਜੂਦਾ ਚੈਂਪੀਅਨ ਇੰਡੀਅਨ ਆਇਲ ਮੁੰਬਈ, ਉਪ ਜੇਤੂ ਭਾਰਤ ਪੈਟਰੋਲੀਅਮ ਮੁੰਬਈ, ਇੰਡੀਅਨ ਨੇਵੀ ਮੁੰਬਈ, ਬੀਐੱਸਐੱਫ ਜਲੰਧਰ, ਪੀਐੱਨਬੀ ਦਿੱਲੀ, ਸੀਏਜੀ ਦਿੱਲੀ, ਆਰਸੀਐੱਫ ਕਪੂਰਥਲਾ, ਸੀਆਰਪੀਐੱਫ ਦਿੱਲੀ, ਆਰਮੀ-11 ਦਿੱਲੀ, ਪੰਜਾਬ ਪੁਲਿਸ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਇੰਡੀਅਨ ਏਅਰ ਫੋਰਸ ਅਤੇ ਇੰਡੀਅਨ ਰੇਲਵੇ ਦਿੱਲੀ ਸ਼ਾਮਲ ਹਨ।























