Ind Vs NZ 1st Test: ਭਾਰਤ ਨੇ 720 ਦੌੜਾਂ ਬਣ ਕੇ ਐਲਾਨੀ ਆਪਣੀ ਪਾਰੀ
– ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 352 ਦੌੜਾਂ ਦੀ ਲੀਡ ਲਈ
– ਨਿਊਜ਼ੀਲੈਂਡ ਦੀ ਟੀਮ ਦਾ ਇੱਕ ਖਿਡਾਰੀ ਜ਼ੀਰੋ ‘ਤੇ ਆਊਟ
ਨਵੀਂ ਦਿੱਲੀ, 21 ਨਵੰਬਰ (ਵਿਸ਼ਵ ਵਾਰਤਾ): ਭਾਰਤ ਨੇ ਵੈਲਿੰਗਟਨ ਟੈਸਟ ਵਿੱਚ ਨਿਊਜ਼ੀਲੈਂਡ ਵਿਰੁੱਧ ਆਪਣੀ ਪਹਿਲੀ ਪਾਰੀ 720/9 ‘ਤੇ ਐਲਾਨ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 352 ਦੌੜਾਂ ਦੀ ਲੀਡ ਵੀ ਲੈ ਲਈ ਹੈ। ਕਪਤਾਨ ਸ਼ੁਭਮਨ ਗਿੱਲ ਨੇ 166ਵੇਂ ਓਵਰ ਦੀ ਆਖਰੀ ਗੇਂਦ ‘ਤੇ ਧਰੁਵ ਜੁਰੇਲ (78 ਦੌੜਾਂ) ਦੇ ਆਊਟ ਹੋਣ ਤੋਂ ਬਾਅਦ ਪਾਰੀ ਐਲਾਨ ਦਿੱਤੀ।
ਟੀਮ ਇੰਡੀਆ ਲਈ ਕੇਐਲ ਰਾਹੁਲ (136 ਦੌੜਾਂ) ਅਤੇ ਰਿਸ਼ਭ ਪੰਤ (128 ਦੌੜਾਂ) ਨੇ ਸੈਂਕੜੇ ਲਗਾਏ। ਸ਼ੁਭਮਨ ਗਿੱਲ ਨੇ 98, ਯਸ਼ਸਵੀ ਜੈਸਵਾਲ ਨੇ 85 ਅਤੇ ਦੇਵਦੱਤ ਪਡਿੱਕਲ ਨੇ 80 ਦੌੜਾਂ ਬਣਾਈਆਂ। ਭਾਰਤ ਦੀ ਅੰਸ਼ੁਲ ਕੰਬੋਜ ਨੇ 38, ਵਾਸ਼ਿੰਗਟਨ ਸੁੰਦਰ ਨੇ 24ਅਕਾਸ਼ਦੀਪ ਨੇ 13 ਅਤੇ ਜਸਪ੍ਰੀਤ ਬੁਮਰਾਹ ਨੇ 7 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਲਈ ਹਰ ਬੱਲੇਬਾਜ਼ ਨੇ ਯੋਗਦਾਨ ਪਾਉਂਦਿਆਂ ਨਿਊਜ਼ੀਲੈਂਡ ਅੱਗੇ ਪਹਾੜ ਜਿੱਡਾ ਸਕੋਰ ਖੜਾ ਕਰ ਦਿੱਤਾ।
ਦੱਸ ਦਈਏ ਕਿ ਨਿਊਜ਼ੀਲੈਂਡ ਪਹਿਲੀ ਪਾਰੀ ਵਿੱਚ 368 ਦੌੜਾਂ ‘ਤੇ ਆਲ ਆਊਟ ਹੋ ਗਿਆ ਸੀ। ਹੁਣ ਉਸ ਅੱਗੇ 352 ਦੌੜਾਂ ਤੋਂ ਪਿੱਛੇ ਰਹਿਣ ਦਾ ਦਬਾਅ ਵੀ ਹੈ ਅਤੇ ਉਸ ਤੋਂ ਬਾਅਦ ਭਾਰਤ ਨੂੰ ਜਿੱਤ ਦਾ ਟੀਚਾ ਵੀ ਦੇਣਾ ਪਵੇਗਾ। ਇਸ ਮੈਚ ‘ਚ ਨਿਊਜ਼ੀਲੈਂਡ ਦੀ ਜਿੱਤ ਲਗਭਗ ਮੁਸ਼ਕਿਲ ਹੈ, ਪਰ ਟੀਮ ਮੈਚ ਨੂੰ ਡਰਾਅ ਜ਼ਰੂਰ ਕਰਵਾ ਸਕਦੀ ਹੈ, ਪਰ ਇਸ ਦੇ ਲਈ ਉਸ ਨੂੰ ਅੱਜ ਦੇ ਚਾਹ ਤੱਕ ਦੇ ਬਚੇ ਓਵਰ ਅਤੇ ਉਸ ਬਾਅਦ ਬਚੇ 4 ਸੈਸ਼ਨ ਵਧੀਆ ਖੇਡ ਦਿਖਾਉਣੀ ਪਵੇਗੀ।
ਦੂਜੀ ਪਾਰੀ ਦੀ ਸ਼ੁਰੂਆਤ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਦਾ ਇੱਕ ਖਿਡਾਰੀ ਆਊਟ ਵੀ ਹੋ ਗਿਆ ਹੈ। ਜਸਪ੍ਰੀਤ ਬੁਮਰਾਹ ਨੇ ਟੌਮ ਲੈਥਮ ਨੂੰ ਜ਼ੀਰੋ ‘ਤੇ ਆਊਟ ਕੀਤਾ। ਲੈਥਮ ਲਗਾਤਾਰ ਦੂਜੀ ਪਾਰੀ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਿਹਾ। ਉਸਨੂੰ ਪਹਿਲੀ ਪਾਰੀ ਵਿੱਚ ਵੀ ਬੁਮਰਾਹ ਨੇ ਆਊਟ ਕੀਤਾ ਸੀ।






















