– ਪੇਂਡੂ ਖੇਤਰ ਨੂੰ ਦਿੱਤੀਆਂ ਬੀਬੀ ਬਾਦਲ ਦੀਆਂ ਗ੍ਰਾਂਟਾਂ ਵੀ ਰੰਗ ਨਾ ਲਿਆ ਸਕੀਆਂ
ਮਾਨਸਾ, 22 ਸਤੰਬਰ- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਭਾਵੇਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਮਾਨਸਾ ਜ਼ਿਲ੍ਹੇ ਵਿਚ ਸਿੱਧੇ ਤੌਰ *ਤੇ ਪ੍ਰਚਾਰ ਕਰਨ ਲਈ ਨਹੀਂ ਆਏ, ਪਰ ਉਨ੍ਹਾਂ ਦੇ ਹਲਕੇ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿਚ ਅਕਾਲੀ ਦਲ ਦਾ ਲਗਭਗ ਸਫਾਇਆ ਹੋ ਗਿਆ ਹੈ। ਬੀਬੀ ਬਾਦਲ ਵੱਲੋਂ ਇਸ ਹਲਕੇ ਵਿਚ ਲਗਾਤਾਰ ਦਿੱਤੀਆਂ ਗਈਆਂ ਪੇਂਡੂ ਖੇਤਰ ਵਿਚ ਗ੍ਰਾਂਟਾਂ ਵੀ ਰੰਗ ਨਾ ਵਿਖਾ ਸਕੀਆਂ। ਜਿਹੜੇ ਪਿੰਡਾਂ ਦੇ ਸਰਪੰਚਾਂ ਨੂੰ ਕਈ—ਕਈ ਲੱਖਾਂ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਦੇ ਕਿਸੇ ਵੀ ਪਿੰਡ *ਚੋਂ ਅਕਾਲੀ ਦਲ ਦੀ ਵੋਟ ਜਲਵਾ ਨਾ ਦਿਖਾ ਸਕੀ।
ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਇਸ ਜ਼ਿਲ੍ਹੇ ਦੀਆਂ ਸਿਆਸੀ ਗਿਣਤੀਆਂ—ਮਿਣਤੀਆਂ ਤੋਂ ਪਤਾ ਲੱਗਿਆ ਹੈ ਕਿ ਅਕਾਲੀ ਉਮੀਦਵਾਰਾਂ ਦੇ ਘਰਾਂ ਵਿਚ ਚੁੱਪ ਪਸਰੀ ਪਈ ਹੈ। ਭਾਵੇਂ ਕੁਝ ਥਾਵਾਂ ਉਤੇ ਅਕਾਲੀ ਉਮੀਦਵਾਰਾਂ ਨੇ ਕਾਂਗਰਸ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਨਿੱਕਲੇ ਨਤੀਜੇ ਨੇ ਪਾਰਟੀ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵੱਡੀਆਂ ਫੜ੍ਹਾਂ ਮਾਰਨ ਵਾਲਿਆਂ ਦੇ ਪਿੰਡਾਂ *ਚੋਂ ਵੀ ਵੱਡੀ ਪੱਧਰ *ਤੇ ਅਕਾਲੀ ਦਲ ਦੀ ਵੋਟ ਘੱਟ ਗਈ ਹੈ।
ਇਥੇ ਜ਼ਿਕਰਯੋਗ ਹੈ ਕਿ ਪਿਛਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਅਕਾਲੀ ਦਲ ਨੇ ਵੱਡੀ ਪੱਧਰ *ਤੇ ਜਿੱਤਾਂ ਹਾਸਲ ਕੀਤੀਆਂ ਸਨ ਅਤੇ ਕਾਂਗਰਸ ਪਾਰਟੀ ਦੇ ਇਨ੍ਹਾਂ ਜਿੱਤਾਂ ਕਾਰਨ ਪੈਰ ਉਖੜ ਗਏ ਸਨ। ਉਸ ਤੋਂ ਬਾਅਦ ਭਾਵੇਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪੂਰੇ ਜ਼ਿਲ੍ਹੇ *ਚੋਂ ਲੁਟਕ ਗਈ ਸੀ, ਪਰ ਰਾਜ ਵਿਚ ਸੱਤਾ ਹਾਸਲ ਕਰਨ ਤੋਂ ਬਾਅਦ ਹੋਈਆਂ ਇਨ੍ਹਾਂ ਦਿਹਾਤੀ ਖੇਤਰ ਦੀਆਂ ਚੋਣਾਂ ਨੇ ਇਕ ਵਾਰ ਮੁੜ ਕਾਂਗਰਸ ਨੂੰ ਇਸ ਜ਼ਿਲ੍ਹੇ ਵਿਚ ਪੱਕੇ ਪੈਰੀ ਕਰ ਦਿੱਤਾ ਹੈ, ਜਦੋਂ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਅੱਜ ਵੱਡੀ ਪੱਧਰ *ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਜ਼ਿਲ੍ਹੇ ਵਿਚ ਪੇਂਡੂ ਖੇਤਰ ਵਿਚ, ਜੋ ਸਰਗਰਮੀਆਂ ਬੀਬੀ ਬਾਦਲ ਵੱਲੋਂ ਕੀਤੀਆਂ ਗਈਆਂ ਸਨ ਅਤੇ ਗ੍ਰਾਂਟਾਂ ਦੇਣ ਦੀ ਝੜੀ ਲਾਈ ਹੋਈ ਸੀ ਅਤੇ ਵੱਡੀ ਪੱਧਰ *ਤੇ ਅਕਾਲੀ ਸਰਪੰਚ ਜਿੱਤੇ ਹੋਏ ਸਨ, ਉਸ ਨੂੰ ਵੇਖਦਿਆਂ ਅੱਜ ਪਾਰਟੀ ਦਾ ਕੇਡਰ ਅੰਗਹੀਣ ਹੋਇਆ ਜਾਪਣ ਲੱਗਿਆ ਹੈ। ਕੇਂਦਰੀ ਮੰਤਰੀ ਬਣਨ *ਤੇ ਵੀ ਅਨੇਕਾਂ ਰੁਝੇਵੇਂ ਹੋਣ ਦੇ ਬਾਵਜੂਦ ਮਾਨਸਾ, ਬਠਿੰਡਾ ਜ਼ਿਲਿ੍ਹਆਂ ਅੰਦਰ, ਜਿਸ ਯੋਜਨਾਬੰਦ ਤਰੀਕੇ ਨਾਲ ਵਿਕਾਸ ਕਰਵਾਏ ਅਤੇ ਪੇਂਡੂ ਲੋਕਾਂ ਦੀ ਦੁੱਖਾਂ—ਸੁੱਖਾਂ ਦੀ ਸਾਰ ਲਈ, ਉਸ ਦਾ ਅੱਜ ਦੇ ਨਤੀਜਿਆਂ ਨੂੰ ਵੇਖਦਿਆਂ ਕੋਈ ਮੁੱਲ ਨਹੀਂ ਪਿਆ ਹੈ।