ਮਾਨਸਾ, 17 ਦਸੰਬਰ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਵੱਖ—ਵੱਖ ਵਿਭਾਗਾਂ ਤੋਂ ਸੇਵਾ ਮੁਕਤ ਮੁਲਾਜਮਾਂ ਨੇ ਅੱਜ ਪੈਨਸ਼ਨ ਬਚਾਓ ਦਿਵਸ ਦੇ ਰੂਪ ਵਿਚ ਇਕ ਸਮਾਗਮ ਕਰਕੇ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸਾਰੀ ਉਮਰ ਸਰਕਾਰ ਦੀ ਸੇਵਾ ਕਰਕੇ ਵੀ ਅੱਜ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਸਰਕਾਰੀ ਸਹੂਲਤਾਂ ਤੋਂ ਦੂਰ ਰਹਿਣਾ ਪੈ ਰਿਹਾ ਹੈ, ਜਦੋਂ ਕਿ ਉਨ੍ਹਾਂ ਨੇ ਸਹੀ ਸਮੇਂ ’ਤੇ ਸਰਕਾਰੀ ਸੇਵਾ ਕਰਕੇ ਆਪਣੀ ਸਾਰੀ ਜਿੰਦਗੀ ਹਕੂਮਤੀ ਕੰਮਾਂ—ਕਾਜਾਂ ਦੇ ਲੇਖੇ ਲਾਈ ਹੈ। ਮੁਲਾਜਮਾਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਨਾਲ ਉਹ ਦਿਨ—ਰਾਤ ਖੜ੍ਹਦੇ ਰਹੇ ਹਨ, ਅੱਜ ਉਹ ਬੁਢਾਪੇ ਵੇਲੇ ਉਨ੍ਹਾਂ ਦੇ ਨਾਲ ਖੜ੍ਹਨ ਲਈ ਤਿਆਰ ਨਹੀਂ, ਸਗੋਂ ਪੈਨਸ਼ਨਾਂ ਸਮੇਤ ਹੋਰ ਮਾਮਲਿਆਂ ਨੂੰ ਲੈਕੇ ਦਫ਼ਤਰਾਂ ਵਿਚ ਲਗਾਤਾਰ ਖੌਜਲਣਾ ਪੈਂਦਾ ਹੈ।
ਅੱਜ ਇਥੇ ਦੀ ਮਾਨਸਾ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਪੈਨਸ਼ਨ ਬਚਾਓ ਦਿਵਸ ਦੇ ਰੂਪ ਵਿੱਚ ਪੈਨਸ਼ਨਰਜ਼ ਦਿਵਸ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮਾਨਸਾ ਦੇ ਗੁਰਤੇਜ਼ ਸਿੰਘ ਜਗਰੀ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਮਾਨਸਾ ਨੇ ਵਿਸ਼ਵਾਸ ਦੁਆਇਆ ਕਿ ਉਹ ਜ਼ਿਲ੍ਹੇ ਭਰ ਵਿੱਚ ਪੈਨਸ਼ਨਰਾਂ ਨੂੰ ਬੈਂਕ ਵਿੱਚ ਆ ਰਹੀ ਕਿਸੇ ਵੀ ਸਮੱਸਿਆ ਦਾ ਹਲ ਕਰਾਉਣ ਵਿੱਚ ਉਨ੍ਹਾਂ ਦੀ ਹਰ ਸਹਾਇਤਾ ਕਰਨਗੇ।
ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ 75 ਸਾਲ ਤੋਂ 85 ਸਾਲਾਂ ਦੀ ਉਮਰ ਵਾਲੇ 31 ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ ਅਤੇ ਟੈਲੀਫੋਨਿਕ ਡਾਇਰੈਕਟਰੀ ਨੂੰ ਰਿਲੀਜ਼ ਕੀਤਾ।
ਇਸ ਮੌਕੇ ਬਲਦੇਵ ਸਿੰਘ ਧਾਲੀਵਾਲ, ਲੱਖਾ ਸਿੰਘ, ਜਗਦੀਸ਼ ਰਾਏ, ਹੰਸ ਰਾਜ, ਸ਼ਵਿੰਦਰ ਸਿੰਘ ਸਿੱਧੂ, ਵੀ.ਪੀ. ਰਾਣਾ, ਸ਼ਗਨ ਸਿੰਘ ਰਾਠੀ, ਪ੍ਰੋ. ਦਰਸ਼ਨ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ ਢਿੱਲੋਂ, ਬਲਦੇਵ ਸਿੰਘ ਧਾਲੀਵਾਲ, ਜਸਬੀਰ ਢੰਡ, ਮਨਜੀਤ ਕੌਰ ਔਲਖ ਨੇ ਰੋਹ ਭਰੇ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਪੰਜਾਬ ਦੇ 4 ਲੱਖ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਪ੍ਰਤੀ ਟਾਲ—ਮਟੋਲ ਦੀ ਨੀਤੀ ਦੀ ਨਿਖੇਧੀ ਕਰਦਿਆਂ ਸੇਵਾ ਮੁਕਤ ਮੁਲਾਜਮਾਂ ਦੀਆਂ ਮੰਗਾਂ ਸਵੀਕਾਰ ਕਰਨ ਦੀ ਮੰਗ ਕੀਤੀ।
ਫੋਟੋ ਕੈਪਸ਼ਨ: ਵੱਖ—ਵੱਖ ਵਿਭਾਗਾਂ ਦੇ ਸੇਵਾ ਮੁਕਤ ਮੁਲਾਜਮਾਂ ਵੱਲੋਂ ਬਣਾਈ ਟੈਲੀਫੋਨਿਕ ਡਾਇਰੈਕਟਰੀ ਰਿਲੀਜ਼ ਰਿਲੀਜ ਕਰਦੇ ਗੁਰਤੇਜ ਸਿੰਘ ਜਗਰੀ ਅਤੇ ਹੋਰ ਆਗੂ। ਫੋਟੋ: ਵਿਸ਼ਵ ਵਾਰਤਾ