
ਲੋਕ ਕਰਫਿਊ ਵਿਚ ਕਰ ਰਹੇ ਹਨ ਸਹਿਯੋਗ
ਜਰੂਰੀ ਵਸਤਾਂ ਦੀ ਸਪਲਾਈ ਚੇਨ ਆਮ ਵਾਂਗ
ਬਠਿੰਡਾ, 31 ਮਾਰਚ ( ਕੁਲਬੀਰ ਬੀਰਾ )-ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਸ੍ਰੀ ਏਕੇ ਮਿੱਤਲ ਆਈਪੀਐਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਉਨਾਂ ਨੇ ਦੱਸਿਆ ਕਿ ਰੇਂਜ ਅਧੀਨ ਪੈਂਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਵਿਚ ਜਰੂਰੀ ਵਸਤਾਂ ਦੀ ਸਪਲਾਈ ਚੇਨ ਆਮ ਵਾਂਗ ਚੱਲ ਰਹੀ ਹੈ ਪਰ ਜੇਕਰ ਕੋਈ ਵੀ ਕਰਫਿਊ ਦਾ ਉਲੰਘਣ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਉਨਾਂ ਨਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਡਾ: ਨਾਨਕ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਸ: ਰਾਜਬਚਨ ਸਿੰਘ ਸੰਧੂ, ਮਾਨਸਾ ਦੇ ਐਸਐਸਪੀ ਸ੍ਰੀ ਨਰਿੰਦਰ ਭਾਰਗਵ ਵੀ ਹਾਜਰ ਸਨ।
ਇਸ ਮੌਕੇ ਸ੍ਰੀ ਏਕੇ ਮਿੱਤਲ ਆਈ ਜੀ ਨੇ ਕਿਹਾ ਕਿ ਲੋਕਾਂ ਵੱਲੋਂ ਕਰਫਿਊ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ। ਪਰ ਜੋ ਲੋਕ ਕਰਫਿਊ ਦਾ ਉਲੰਘਣ ਕਰਕੇ ਘਰਾਂ ਤੋਂ ਬਾਹਰ ਆ ਰਹੇ ਹਨ ਉਹ ਸਮਾਜ ਲਈ ਖਤਰਾ ਪੈਦਾ ਕਰ ਰਹੇ ਹਨ ਅਤੇ ਪੁਲਿਸ ਵੱਲੋਂ ਅਜਿਹੇ ਲੋਕਾਂ ਖਿਲਾਫ ਕਾਰਵਾਈ ਲਾਜਮੀ ਤੌਰ ਤੇ ਕੀਤੀ ਜਾਵੇਗੀ।
ਆਈ.ਜੀ. ਸ੍ਰੀ ਮਿੱਤਲ ਨੇ ਇਸ ਮੌਕੇ ਜਨ ਸੇਵਾ ਵਿਚ ਲੱਗੇ ਸਮੂਹ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆ ਅਪੀਲ ਕੀਤੀ ਕਿ ਫੈਕਟਰੀਆਂ ਵਾਲੇ ਆਪਣੇ ਕਾਮਿਆਂ ਦੀ ਇਸ ਮੌਕੇ ਸਹਾਇਤਾ ਕਰਦਿਆਂ ਉਨਾਂ ਨੂੰ ਖਾਣਾ ਮੁਹਈਆ ਕਰਵਾਉਣ। ਇਸੇ ਤਰਾਂ ਉਨਾਂ ਨੇ ਮਕਾਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਸਕਿਲ ਦੌਰ ਵਿਚ ਆਪਣੇ ਕਿਰਾਏਦਾਰਾਂ ਨਾਲ ਸਹਿਯੋਗ ਕਰਨ।
ਇਸ ਮੌਕੇ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਘਰ ਦੇ ਅੰਦਰ ਵੀ ਸਾਫ ਸਫਾਈ ਦਾ ਪੂਰਾ ਧਿਆਨ ਦੇਣ ਅਤੇ ਚੰਗੀ ਖੁਰਾਕ ਖਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਰਾਸ਼ਨ ਸਮੇਤ ਬਾਕੀ ਜਰੂਰੀ ਵਸਤਾਂ ਦੀ ਸਪਲਾਈ ਹੁਣ ਬਹਾਲ ਹੋ ਚੁੱਕੀ ਹੈ। ਉਨਾਂ ਨੇ ਕਿਹਾ ਕਿ ਰਾਸ਼ਨ ਜਾਂ ਕਿਸੇ ਹੋਰ ਸਮਾਨ ਦਾ ਸਹਿਯੋਗ ਕਰਨ ਦੇ ਇੱਛੁਕ ਨਗਰ ਨਿਗਮ ਕਮਿਸ਼ਨਰ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।





















