ਸ੍ਰੀ ਮੁਕਤਸਰ ਸਾਹਿਬ/ਫਾਜ਼ਿਲਕਾ, 15 ਮਾਰਚ (ਵਿਸ਼ਵ ਵਾਰਤਾ)-: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਲ ਨਾਲ ਮੁਲਾਕਾਤ ਕੀਤੀ ਅਤੇ ਰੇਤ ਮੰਤਰੀ ਨੂੰ ਮੈਮੋਰੰਡਮ ਸੌਂਪ ਕੇ ਰੇਲਵੇ ਅੰਡਰ ਬ੍ਰਿਜਾਂ ਦੀ ਉਸਾਰੀ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਬੱਲਮਗੜ੍ਹ ਦਰਮਿਆਨ ਚੌਲਾਂ ਤੇ ਕਣਕ ਦੀ ਢੋਆ ਢੁਆਈ ਲਈ ਮਾਲ ਗੱਡੀਆਂ ਵਾਸਤੇ ਨਵਾਂ ਪਲੈਟਫਾਰਮ ਬਣਾਉਣ ਦੀ ਮੰਗ ਕੀਤੀ ਜਿਸ ਜਵਾਬ ਵਿਚ ਮੰਤਰੀ ਨੇ ਭਰੋਸਾ ਦੁਆਇਆ ਕਿ ਮੰਗ ਪੱਤਰ ਵਿਚ ਸ਼ਾਮਲ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
ਇਥੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਫਿਰੋਜ਼ਪੁਰ ਹਲਕੇ ਵਿਚ ਸਾਰੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜ਼ੀਰਾ-ਤਲਵੰਡੀ ਭਾਈ ਰੋਡ ’ਤੇ ਪੈਂਦੇ ਫਾਟਕਾਂ ਅਤੇ ਅਬੋਹਰ-ਸ੍ਰੀ ਗੰਗਾਨਗਰ ਰੋਡ ਰੇਲਵੇ ਫਾਟਕਾਂ ’ਤੇ ਦੋ ਅੰਡਰ ਬ੍ਰਿਜਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਦੋਵਾਂ ਥਾਵਾਂ ’ਤੇ ਫਾਟਕ ਬੰਦ ਹੋਣ ਕਾਰਨ ਵੱਡੇ ਟਰੈਫਿਕ ਜਾਮ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਅਬੋਹਰ ਵਿਖੇ ਰੇਲਵੇ ਫਾਟਕ ਦਿਨ ਵਿਚ 26 ਵਾਰ ਬੰਦ ਕੀਤਾ ਜਾਂਦਾ ਹੈ ਜਿਸ ਕਾਰਨ ਸਾਰੇ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ।
ਫਿਰੋਜ਼ਪੁਰ ਦੇ ਐਮ ਪੀ ਨੇ ਕੇਂਦਰੀ ਮੰਤਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਬੁੱਰਾ ਗੁੱਜਰ ਰੋਡ ’ਤੇ ਅੰਡਰਪਾਸ ਬਣਾਉਣ ਦੀ ਲੋੜ ਤੋਂ ਵੀ ਜਾਣੂ ਕਰਵਾਇਆ ਤੇ ਦੱਸਿਆ ਕਿ ਹਿਸਨਾਲ ਅਨੇਕਾਂ ਸਕੂਲ ਪੈਂਦੇ ਹਨ। ਉਹਨਾਂ ਕਿਹਾ ਕਿ ਇਸ ਕਾਰਨ ਇਹ ਹਾਦਸਾਗ੍ਰਸਤ ਖੇਤਰ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਮੰਤਰੀ ਨੇ ਉਹਨਾਂ ਨੂੰ ਦੱਸਿਆ ਹੈ ਕਿ ਰੇਲਵੇ ਅਧਿਕਾਰੀਆਂ ਨੇ ਇਸ ਥਾਂ ’ਤੇ ਅੰਡਰ ਪਾਸ ਬਣਾਉਣ ਦੀ ਤਜਵੀਜ਼ ਤਿਆਰ ਕੀਤੀਹੈ ਜਿਸਦੀ ਪ੍ਰਵਾਨਗੀ ਦੀ ਉਡੀਕ ਹੈ।
ਐਮ ਪੀ ਨੇ ਇਹ ਵੀ ਅਪੀਲ ਕੀਤੀ ਕਿ ਬੱਲਮਗੜ੍ਹ ਅਤੇ ਸ੍ਰੀ ਮੁਕਤਸਰ ਸਾਹਿਬ ਵਿਚਾਲੇ ਨਵਾਂ ਪਲੈਟਫਾਰਮ ਬਣਾਇਆ ਜਾਵੇ ਤਾਂ ਜੋ ਉਥੇ ਚੌਲਾਂ ਤੇ ਕਣਕ ਦੀ ਢੋਆ ਢੁਆਈ ਮਾਲ ਗੱਡੀਆਂ ’ਤੇ ਹੋ ਸਕੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਮੰਤਰਾਲੇ ਦੀ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ ਹਲਕੇ ਵਿਚ ਹੋਣ ਵਾਲੇ ਹੋਰ ਰੇਲਵੇ ਕਾਰਜਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ ਪਿੰਡ ਸਈਦਵਾਲਾ ਅਬੋਹਰ, ਫਾਜ਼ਿਲਕਾ ਕਰਾਸਿੰਗ ਸੀ 55 ਅਤੇ ਸੀ 56 ’ਤੇ ਕਿਸਾਨਾਂ ਵੱਲੋਂ ਰੇਲਵੇ ਫਾਟਕ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ ਜੋ ਬੰਦ ਪਿਆ ਹੈ। ਉਹਨਾਂ ਦੱਸਿਆ ਕਿ ਫਾਟਕ ਬੰਦ ਹੋਣ ਕਾਰਨ ਕਿਸਾਨ ਆਪਣੀਆਂ ਜ਼ਮੀਨਾਂ ’ਤੇ ਨਹੀਂ ਪਹੁੰਚ ਸਕਦੇ। ਇਸ ਮਾਮਲੇ ਵਿਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਵੇਰਵਿਆਂ ਦੀ ਪੜਤਾਲ ਕੀਤੀ ਹੈ ਤੇ ਫਾਟਕ ਖੋਲ੍ਹਣ ਦੀ ਸਿਫਾਰਸ਼ਕੀਤੀ ਹੈ। ਉਹਨਾਂ ਨੇ ਵੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਪਿੰਡ ਡੰਗਰ ਖੇੜਾ ਅਬੋਹਰ-ਫਾਜ਼ਿਲਕਾ ਰੇਲਵੇ ਲਾਈਨ ’ਤੇ ਵੀ ਫਾਟਕ ਬਣਾਇਆ ਜਾਵੇ ਤਾਂ ਜੋ ਕਿਸਾਨ ਰੇਲਵੇ ਪਟੜੀ ਤੋਂ ਪਾਰ ਆਪਣੇ ਟਰੈਕ ਟਰਾਲੀਆਂ ਤੇ ਹੋਰ ਸਮਾਨ ਲਿਜਾ ਸਕਣ।