ਬਾਦਲ, 21 ਜੁਲਾਈ( ਵਿਸ਼ਵ ਵਾਰਤਾ)-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸ਼ਾਮ ਪਿੰਡ ਬਾਦਲ ਵਿਖੇ ਆਪਣੀ ਰਿਹਾਇਸ਼ ’ਤੇ ਅੰਦੋਲਨਕਾਰੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।
ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਹਮੇਸ਼ਾਂ ਹੀ ਕਿਸਾਨਾਂ ਦੇ ਹੱਕਾਂ ਲਈ ਲੜਦੀ ਰਹੀ ਹੈ ਅਤੇ ਉਨ੍ਹਾਂ ਨਾਲ ਕਿਸੇ ਵੀ ਤਰਾਂ ਦਾ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਭਰੋਸਾ ਦਿੱਤਾ ਜਾ ਚੁੱਕਿਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੇ ਯਕੀਨੀ ਮੰਡੀਕਰਨ ਜਾਰੀ ਰਹਿਣਗੇ ਅਤੇ ਖੇਤੀ ਉਤਪਾਦਨ ਵਪਾਰ ਅਤੇ ਵਣਜ ਆਰਡੀਨੈਂਸ 2020 ਦਾ ਐੱਮਐੱਸਪੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
“ਇਸ ਦੇ ਬਾਵਜੂਦ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਵਿੱਚ ਭਵਿੱਖ ‘ਚ ਵੀ ਕਿਸੇ ਕਿਸਮ ਦਾ ਵਿਘਨ ਨਹੀਂ ਪਵੇਗਾ। ਅਸਲ ‘ਚ ਇਹ ਮੁੱਦਾ ਗੱਲਬਾਤ ਯੋਗ ਹੈ ਹੀ ਨਹੀਂ ਕਿਉਂ ਕਿ ਸਿਆਸੀ ਮੁਫ਼ਾਦਾਂ ਲਈ ਇਸ ‘ਤੇ ਗ਼ਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕਿਸਾਨੀ ਦੀ ਖੁਸ਼ਹਾਲੀ ਦੇ ਮੂਲ ਅਧਾਰ ਬਣੇ ਇਨ੍ਹਾਂ ਇਨ੍ਹਾਂ ਦੋਹਾਂ ਥੰਮ੍ਹਾਂ ਦੀ ਰੱਖਿਆ ਅਤਿ ਲੋੜੀਂਦੀ ਹੈ ਅਤੇ ਕੋਈ ਵੀ ਗੱਠਜੋੜ, ਸਰਕਾਰ ਜਾਂ ਮੰਤਰੀ ਮੰਡਲ ਇਨ੍ਹਾਂ ਤੋਂ ਵੱਧ ਮਹੱਤਵਪੂਰਨ ਨਹੀਂ ਹੈ।” ਸ. ਬਾਦਲ ਨੇ ਕਿਹਾ।
ਨਿਵਾਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਕੋਲ ਸ: ਸੁਖਬੀਰ ਸਿੰਘ ਬਾਦਲ ਚੱਲ ਕੇ ਗਏ ਅਤੇ ਮੰਗ ਪੱਤਰ ਪ੍ਰਾਪਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਪੇਸ਼ਕਸ਼ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਐੱਨ.ਐਸ. ਤੋਮਰ ਤੋਂ ਆਰਡੀਨੈਂਸ ‘ਤੇ ਕਿਸੇ ਵੀ ਤਰਾਂ ਦੀ ਸਪੱਸ਼ਟੀਕਰਨ ਲੈਣ ਲਈ ਉਹ ਕਿਸਾਨ ਜੱਥੇਬੰਦੀਆਂ ਦੇ ਵਫ਼ਦ ਦੀ ਅਗਵਾਈ ਕਰਨ ਲਈ ਸਦਾ ਹਾਜ਼ਰ ਹਨ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਕਿਸਾਨਾਂ ਦੇ ਨਾਲ ਖੜ੍ਹੇਗਾ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਤੱਤੀ ਵਾਅ ਨਹੀਂ ਲੱਗਣ ਦੇਵੇਗਾ।
“ਸਾਡੇ ਲਈ ਕਿਸਾਨਾਂ ਦੀ ਭਲਾਈ ਤੇ ਬਿਹਤਰੀ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ। ਸਦਾ ਕਿਸਾਨ ਹਿੱਤਾਂ ਦੀ ਰਾਖੀ ‘ਤੇ ਸ੍ਰੋਮਣੀ ਅਕਾਲੀ ਦਲ ਨੇ ਸਦਾ ਡਟ ਕੇ ਪਹਿਰਾ ਦਿੱਤਾ ਹੈ। ਘੱਟੋ-ਘੱਟ ਸਮਰਥਨ ਮੁੱਲ ਤੇ ਫ਼ਸਲਾਂ ਦਾ ਯਕੀਨੀ ਮੰਡੀਕਰਨ, ਔਕੜਾਂ ‘ਚ ਘਿਰੀ ਕਿਰਸਾਨੀ ਲਈ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਕੇਂਦਰ ਸਰਕਾਰ ਦੁਆਰਾ ਦਿੱਤੇ ਭਰੋਸੇ ਅਨੁਸਾਰ ਇਹ ਦੋਵੇਂ ਗੱਲਾਂ ਜਾਰੀ ਰੱਖਣ ਲਈ, ਅਸੀਂ ਕਿਸੇ ਵੀ ਕੁਰਬਾਨੀ ਲਈ ਤਿਆਰ ਹਾਂ। ਇਸ ਮੁੱਦੇ ‘ਤੇ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਅਤੇ ਇਨ੍ਹਾਂ ਨਾਲ ਛੇੜਛਾੜ ਵਾਸਤੇ ਸਾਡੀ ਨੀਤੀ ‘ਚ ਸਿਫ਼ਰ ਸਹਿਣਸ਼ੀਲਤਾ ਹੈ,” ਸ. ਬਾਦਲ ਨੇ ਐਲਾਨ ਕੀਤਾ।