ਮੋਹਾਲੀ 31 ਜਨਵਰੀ- ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਅੱਜ ਮੋਹਾਲੀ ਵਿਖੇ ਪੰਜ ਰੋਜ਼ਾ ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕੇਵਲ ਸਾਬਤ ਸੂਰਤ ਸਿੱਖ ਨੌਜਵਾਨਾਂ ਖਿਡਾਰੀਆਂ ਵੱਲੋਂ ਹੀ ਹਿੱਸਾ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਤੋਂ 8 ਟੀਮਾਂ ਨੇ ਹਿੱਸਾ ਲਿਆ ਹੈ ਅਤੇ ਇਹ ਟੂਰਨਾਮੈਂਟ 4 ਫਰਵਰੀ ਤੱਕ ਚੱਲੇਗਾ।
ਇਸ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰ. ਐਸ.ਪੀ ਸਿੰਘ ਉਬਰਾਏ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਹਨ ਜੋ ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਸਨ।
ਇਸ ਮੌਕੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ ਮੋਹਾਲੀ, ਡਾਇਰੈਕਟਰ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ ਪ੍ਰਬੰਧਕਾਂ ਨੇ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮੇਂ ਚੰਡੀਗੜ੍ਹ ਪੁਲਿਸ ਦੁਆਰਾ ਮੁੱਖ ਮਹਿਮਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵਿਸ਼ੇਸ਼ ਤੌਰ ਤੇ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਮੌਕੇ ਸ੍ਰ. ਬ੍ਰਹਮਪੁਰਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਇਹ ਵੇਖ ਕੇ ਬੇਹੱਦ ਖੁਸ਼ੀ ਮਹਿਸੂਸ ਹੋਈ ਹੈ ਕਿ ਹਾਕੀ ਦੇ ਇਸ ਟੂਰਨਾਮੈਂਟ ਵਿੱਚ ਕੇਵਲ ਪੂਰਨ ਤੌਰ ਤੇ ਗੁਰਸਿੱਖ ਖਿਡਾਰੀਆਂ ਵੱਲੋਂ ਹੀ ਭਾਗ ਲਿਆ ਗਿਆ ਹੈ ਜਿਸ ਨਾਲ ਸਿੱਖ ਕੌਮ ਦੀ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ ਦਾ ਕੱਦ ਹੋਰ ਉਚਾ ਹੋਵੇਗਾ ਜੋ ਕਿ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੌਜਵਾਨਾਂ ਨੂੰ ਸੂਬੇ ਅਤੇ ਦੇਸ਼ ਵਿੱਚ ਹਾਕੀ ਨੂੰ ਪ੍ਰਮੋਟ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਹਾਕੀ ਖੇਡ ਵਿੱਚ ਖਿਡਾਰੀਆਂ ਦੇ ਟੈਲੇੰਟ ਨੂੰ ਹੋਰ ਬਿਹਤਰ ਤਰੀਕੇ ਨਾਲ ਵਿਕਸਿਤ ਕੀਤਾ ਜਾ ਸਕੇ।
ਉਨ੍ਹਾਂ ਹਾਕੀ ਨੂੰ ਸੂਬੇ ਅਤੇ ਦੇਸ਼ ਵਿੱਚ ਪ੍ਰਮੋਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਹਰ ਸੰਭਵ ਮਦਦ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਹਾਕੀ ਨੂੰ ਬੇਹਤਰ ਬਣਾਉਣ ਲਈ ਟੂਰਨਾਮੈਂਟ ਆਯੋਜਨ ਕਰਨ ਵਾਲੀ ਸੰਸਥਾ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਆਸ ਕੀਤੀ ਕਿ ਭਵਿੱਖ ਵਿੱਚ ਵੀ ਇਸ ਸੰਸਥਾ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ। ਸ੍ਰ. ਬ੍ਰਹਮਪੁਰਾ ਨੇ ਅਖੀਰ ਵਿੱਚ ਹਾਕੀ ਦੀ ਭਲਾਈ ਲਈ ਦੇਸ਼ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਲੋਕਾਂ, ਮੈਂਬਰਾਂ ਅਤੇ ਵਿਸ਼ੇਸ਼ ਵਿਅਕਤੀਆਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਕਨਵੀਨਰ ਸ੍ਰ. ਜਗਰੂਪ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਬਿੱਲਾ, ਜਨਰਲ ਸਕੱਤਰ ਸ੍ਰ. ਮਹਾਂਵੀਰ ਸਿੰਘ, ਪ੍ਰੈਸ ਸਕੱਤਰ ਸ੍ਰ. ਮਨਮੋਹਨ ਸਿੰਘ, ਸ੍ਰ. ਪਰਮਜੀਤ ਸਿੰਘ ਧਨੇਲ ਅਤੇ ਸ੍ਰ. ਅਮਰਜੀਤ ਸਿੰਘ ਭਾਗੋਵਾਲੀਆ ਆਦਿ ਮੁੱਖ ਤੌਰ ਤੇ ਇਸ ਟੂਰਨਾਮੈਂਟ ਵਿੱਚ ਹਾਜ਼ਰ ਸਨ।