ਸਿੰਘੂ ਬਾਰਡਰ ਤੇ ਸਥਾਨਕ ਲੋਕਾਂ ਦਾ ਦਿਲ ਜਿੱਤ ਰਹੇ ਹਨ ਪੰਜਾਬੀ
ਹਰ ਥਾਂ ਹੋ ਰਹੀ ਹੈ ਸਰਦਾਰ ਜੀ ,ਸਰਦਾਰ ਜੀ

ਦਿੱਲੀ, 19 ਦਸੰਬਰ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਦੇ ਖਿਲਾਫ ਸਿੰਘੂ ਬਾਰਡਰ ਤੇ ਡਟੇ ਕਿਸਾਨਾਂ ਨੇ ਟ੍ਰੈਕਟਰਾਂ ਅਤੇ ਟਰਾਲੀਆਂ ਨੂੰ ਹੀ ਆਪਣਾ ਅਸਥਾਈ ਘਰ ਬਣਾ ਲਿਆ ਹੈ ਅਤੇ ਸੜਕਾਂ ਤੇ ਹੀ ਆਪਣੇ ਬਿਸਤਰੇ, ਖੁੱਲ੍ਹੇ ਆਸਮਾਨ ਥੱਲ਼ੇ ਸੜਕਾਂ ਤੇ ਚਟਾਈ ਵਿਛਾ ਕੇ ਅਤੇ ਕੰਬਲ ਲੈ ਕੇ ਸੋਂਦੇ ਹਨ। ਸਵੇਰੇ ਉਠ ਕੇ ਫਿਰ ਤੋਂ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਤੇ ਜੁੜ ਜਾਂਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਆਪਣੇ ਵਿਵਹਾਰ ਨਾਲ ਸਥਾਨਕ ਲੋਕਾਂ ਦਾ ਦਿਲ ਜਿੱਤ ਲਿਆ ਹੈ। ਹਰ ਕੋਈ ਧਰਨਾ ਦੇ ਰਹੇ ਕਿਸਾਨਾਂ ਦੀ ਪ੍ਰਸ਼ੰਸ਼ਾ ਕਰਦਾ ਨਹੀਂ ਥੱਕਦਾ। ਹਰ ਥਾਂ ਲੋਕਾਂ ਦੀ ਜੁਬਾਨ ਤੇ ਇਕੋ ਨਾਮ ਹੈ ਸਰਦਾਰ ਜੀ, ਸਰਦਾਰ ਜੀ।
ਦਿੱਲ਼ੀ ਦੇ ਸਮਾਜਿਕ ਸੰਗਠਨ ਅਤੇ ਐਨ.ਜੀ.ਓ ਵੀ ਅੰਦੋਲਨ ਕਰ ਰਹੇ ਕਿਸਾਨਾਂ ਲਈ ਰਾਸ਼ਣ ਅਤੇ ਦਵਾਈਆਂ ਤੱਕ ਸਭ ਤਰ੍ਹਾਂ ਦੀ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਅਲੱਗ-ਅਲੱਗ ਲੋਕ ਵੀ ਆਪਣੀਆਂ ਸੇਵਾਵਾਂ ਪਹੁੰਚਾ ਰਹੇ ਹਨ। ਕੋਈ ਬਿਸਕੁਟ ਦੇ ਰਿਹਾ ਹੈ, ਕੋਈ ਪਾਣੀ, ਫਲ ਤੇ ਸਬਜੀਆਂ ਪਹੁੰਚਾ ਰਹੇ ਹਨ। ਸੁਖਬੀਰ ਸਿੰਘ ਨੇ ਕਿਹਾ ਹੈ ਕਿ ਅਸੀਂ ਇਥੇ ਸੰਘਰਸ਼ ਕਰਨ ਆਏ ਹਾਂ। ਆਪਣੀਆਂ ਮੰਗਾਂ ਮਨਵਾਉਣ ਲਈ ਅਤੇ ਆਪਣੇ ਨਾਲ 6 ਮਹੀਨੇ ਦਾ ਰਾਸ਼ਣ ਆਪਣੀਆਂ ਟਰਾਲੀਆਂ ਭਰ ਕੇ ਲੈ ਕੇ ਆਏ ਹਾਂ, ਉਹ ਚਾਹੇ ਸੁੱਕਾ ਰਾਸ਼ਣ ਹੋਵੇ,ਆਟਾ, ਚਾਵਲ , ਪਿਆਜ਼, ਦਾਲਾਂ ਆਦਿ ਸਭ ਕੁਝ ਲੈ ਕੇ ਆਏ ਹਾਂ। ਅਸੀਂ ਇਥੇ ਲੰਗਰ ਬਣਾਉਂਦੇ ਹਾਂ ਤੇ ਸਥਾਨਕ ਲੋਕ ਵੀ ਸਾਡੀ ਮਦਦ ਕਰਦੇ ਹਨ।






















