ਆਸਟ੍ਰੇਲੀਆ ਵਿੱਚ ਨਹੀਂ ਰੁਕ ਰਹੀ ਕੋਰੋਨਾ ਦੀ ਰਫਤਾਰ
ਪ੍ਰਸ਼ਾਸਨ ਹੋਇਆ ਸਖ਼ਤ,ਲਿਆ ਮਹੱਤਵਪੂਰਨ ਫੈਸਲਾ
ਸਿਡਨੀ ਵਿੱਚ ਵਧਾਇਆ ਲਾਕਡਾਊਨ,ਹੁਣ ਸਤੰਬਰ ਤੱਕ ਜਾਰੀ ਰਹੇਗੀ ਤਾਲਾਬੰਦੀ

ਚੰਡੀਗੜ੍ਹ, 20ਅਗਸਤ(ਵਿਸ਼ਵ ਵਾਰਤਾ)- ਆਸਟ੍ਰੇਲੀਆ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸਦੇ ਮੱਦੇਨਜ਼ਰ ਕੋਰੋਨਾ ਦੇ ਡੈਲਟਾ ਰੂਪ ਦੇ ਫੈਲਾਅ ਨੂੰ ਰੋਕਣ ਲਈ ਸਿਡਨੀ ਪ੍ਰਸ਼ਾਸਨ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਡਨੀ ਸ਼ਹਿਰ ਵਿੱਚ ਤਾਲਾਬੰਦੀ ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ। ਪ੍ਰਸ਼ਾਸਨ ਇਸ ਰੂਪ ਨੂੰ ਛੇਤੀ ਤੋਂ ਛੇਤੀ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਹੁਣ ਤੱਕ ਡੈਲਟਾ ਰੂਪ ਨੂੰ ਕਾਬੂ ਕਰਨ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ। ਇਸ ਸਬੰਧੀ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਉੱਥੋਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਲੋਕ ਘਰੋਂ ਨਿਕਲਣ ਤਾਂ ਮਾਸਕ ਪਾ ਕੇ ਹੀ ਨਿਕਲਣ ।

ਪ੍ਰਸ਼ਾਸਨ ਨੇ ਕਿਹਾ ਹੈ ਕਿ ਕਸਰਤ ਲਈ ਸਿਰਫ ਇੱਕ ਘੰਟੇ ਲਈ ਹੀ ਮਾਸਕ ਪਾਉਣ ਤੋਂ ਛੋਟ ਦਿੱਤੀ ਜਾ ਸਕਦੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਲਗਭਗ 5 ਮਿਲੀਅਨ ਲੋਕ ਰਹਿ ਰਹੇ ਹਨ ਜਿਨ੍ਹਾਂ ਨੂੰ ਮਾਸਕ ਪਹਿਨਣ ਵੱਲ ਧਿਆਨ ਦੇਣਾ ਪਵੇਗਾ।
ਬੇਰੇਜਿਕਲਿਅਨ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਨੂੰ ਸਖਤ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਸਖਤ ਫੈਸਲੇ ਲੈਣੇ ਪਏ ਹਨ।






















