– ਅਧਿਆਪਕਾਂ ਧਿਰਾਂ ਵਿਚ ਗੁੱਸਾ ਭਰਿਆ, ਭਲਕੇ ਤੋਂ ਸਿੱਖਿਆ ਸਕੱਤਰ ਦੀਆਂ ਅਰਥੀਆਂ ਸਾੜਨ ਦਾ ਐਲਾਨ
ਮਾਨਸਾ, 31 ਅਕਤੂਬਰ (ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਦੇ ਚਾਰ ਸੰਘਰਸ਼ੀ ਅਧਿਆਪਕਾਂ ਦੀਆਂ ਮਾਲਵਾ ਤੋਂ ਬਾਹਰਲੇ ਜ਼ਿਲਿ੍ਹਆਂ ਵਿਚ ਬਦਲੀਆਂ ਕਰਨ ਦੀ ਹਕੂਮਤ ਵਿਰੁੱਧ ਜੰਗ ਅਜੇ ਭਖੀ ਹੀ ਸੀ ਕਿ ਸਰਕਾਰ ਨੇ ਉਲਟਾ ਬਲਦੀ *ਤੇ ਤੇਲ ਪਾਉਂਦਿਆਂ ਅੱਠ ਹੋਰ ਅਧਿਆਪਕਾਂ ਨੂੰ ਬਾਹਰਲੇ ਜ਼ਿਲਿ੍ਹਆਂ ਦਾ ਰਸਤਾ ਵਿਖਾ ਦਿੱਤਾ ਹੈ। ਇਨ੍ਹਾਂ ਤਬਾਦਲਿਆਂ ਨੂੰ ਅਧਿਆਪਕ ਜਥੇਬੰਦੀਆਂ ਨੇ ਕੈਪਟਨ ਸਰਕਾਰ ਦਾ ਤਾਨਾਸ਼ਾਹੀ ਫੈਸਲਾ ਕਰਾਰ ਦਿੰਦਿਆਂ ਗੌਰਮਿੰਟ ਖਿਲਾਫ ਆਰ—ਪਾਰ ਦੀ ਲੜਾਈ—ਲੜ੍ਹਨ ਦਾ ‘ਨਿਊ ਪੰਜਾਬ ਡੇਅ* ਤੋਂ ਐਲਾਨ ਕੀਤਾ ਹੈ। ਅਧਿਆਪਕ ਧਿਰਾਂ ਨੇ ਪਹਿਲੀ ਨਵੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਹੈਡ ਕੁਆਰਟਰਾਂ *ਤੇ ਰਾਜ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਹੈ, ਜਦੋਂ ਕਿ ਪ੍ਰਾਇਮਰੀ ਸਕੂਲਾਂ ਦੇ ਮਿੱਡ ਟੈਸਟਾਂ ਦਾ ਕੱਲ੍ਹ ਨੂੰ ਮੁਕੰਮਲ ਬਾਈਕਾਟ ਕਰਨ ਦਾ ਬਕਾਇਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਨਵੇਂ ਤਬਾਦਲਿਆਂ ਖਿਲਾਫ ਅੱਜ ਸਕੂਲਾਂ ਵਿਚ ਛੁੱਟੀ ਤੋਂ ਬਾਅਦ ਅਧਿਆਪਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਇਕੱਠੇ ਹੋਏ ਅਤੇ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਖਿਲਾਫ ਆਵਾਜ ਬੁਲੰਦ ਕੀਤੀ ਗਈ। ਬਦਲੀ ਕੀਤੇ ਗਏ ਅਧਿਆਪਕਾਂ ਦੀ ਤਾਇਨਾਤੀ ਵਾਲੇ ਪਿੰਡਾਂ ਵਿੱਚ ਆਮ ਲੋਕਾਂ, ਕਿਸਾਨ ਯੂਨੀਅਨਾਂ, ਮਜ਼ਦੂਰ ਯੂਨੀਅਨਾਂ, ਮਾਪਿਆਂ ਵੱਲੋਂ ਸਕੂਲਾਂ ਨੂੰ ਤਾਲੇ ਲਾਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਈ.ਟੀ.ਟੀ. ਕਾਡਰ ਦੇ ਅਧਿਆਪਕਾਂ, ਜਿੰਨ੍ਹਾਂ ਵਿੱਚ ਦਰਸ਼ਨ ਸਿੰਘ ਅਲੀਸ਼ੇਰ ਸਰਕਾਰੀ ਐਲੀਮੈਂਟਰੀ ਸਕੂਲ ਭੁਪਾਲ ਪਲਾਟ ਮਾਨਸਾ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਸਮਸਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੁਰਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਤਾਮਕੋਟ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਸੂੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਾਜਵਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਕੁਲਰੀਆਂ ਮਾਨਸਾ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਮਨਸੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹਰਦੀਪ ਸਿੰਘ ਸਿੱਧੂ ਸਰਕਾਰੀ ਐਲੀਮੈਂਟਰੀ ਸਕੂਲ ਕੱਲ੍ਹੋ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਚਣਕੋਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੀ ਗਈ ਹੈ। ਨਿਯਮਾਂ ਅਨੁਸਾਰ ਈ.ਟੀ.ਟੀ. ਕਾਡਰ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਨਹੀਂ ਕੀਤੀ ਜਾ ਸਕਦੀ।
ਇਸ ਤੋਂ ਇਲਾਵਾ ਨਿਰਭੈ ਸਿੰਘ ਸਰਕਾਰੀ ਮਿਡਲ ਸਕੂਲ ਗਾਮੀਵਾਲਾ ਮਾਨਸਾ ਤੋਂ ਸੀਨੀਅਰ ਸੈਕੰਡਰੀ ਸਕੂਲ ਕਾਲ ਸੰਘਿਆ ਜ਼ਿਲ੍ਹਾ ਕਪੂਰਥਲਾ, ਗੁਰਪਿਆਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੁਰਜ ਹਰੀ ਤੋਂ ਸੀਨੀਅਰ ਸੈਕੰਡਰੀ ਧਾਲੀਵਾਲ ਬੇਟ ਜਿਲ੍ਹਾ ਕਪੂਰਥਲਾ, ਪਰਮਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੱਦਾ ਸਿੰਘ ਵਾਲਾ ਤੋਂ ਸੀਨੀਅਰ ਸੈਕੰਡਰੀ ਸਕੂਲ ਅਠੋਲੀ ਜਿਲ੍ਹਾ ਕਪੂਰਥਲਾ ਵਿਖੇ ਕੀਤੀ ਗਈ ਹੈ।
ਇਹਨਾਂ ਬਦਲੀਆਂ ਦੇ ਰੋਸ ਵਜੋਂ ਅੱਜ ਪਿੰਡ ਕੱਲੋਂ, ਸੱਦਾ ਸਿੰਘ ਵਾਲਾ, ਤਾਮਕੋਟ, ਰੱਲਾ, ਬੁਰਜ ਹਰੀ, ਦਲੇਲਵਾਲਾ, ਰਾਏਪੁਰ, ਬਾਜੇਵਾਲਾ, ਕੁਲਰੀਆਂ, ਗਾਮੀਵਾਲਾ ਦੇ ਲੋਕਾਂ ਨੇ ਸਕੂਲਾਂ ਨੂੰ ਜਿੰਦਾ ਲਾਕੇ ਰੋਸ ਪ੍ਰਗਟ ਕੀਤਾ ਅਤੇ ਸ਼ਾਮ ਨੂੰ ਡੀ.ਸੀ. ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ। ਇਹਨਾਂ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਗਿਣੀ ਮਿਥੀ ਸਾਜਿਸ਼ ਤਹਿਤ ਸਕੂਲੀ ਸਿੱਖਿਆ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਸ ਦੇ ਖਿਲਾਫ ਅਵਾਜ ਉਠਾਉਂਣ ਵਾਲੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਦੂਰ ਦਰਾਡੇ ਕਰਕੇ ਅਧਿਆਪਕਾਂ ਅੰਦਰ ਡਰ ਦਾ ਮਹੌਲ ਸਿਰਜਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਬਰਦਾਸਤ ਨਹੀਂ ਕਰਨਗੇ ਅਤੇ ਅਧਿਆਪਕਾਂ ਦੇ ਸੰਘਰਸ਼ ਦੀ ਪੂਰਨ ਹਿਮਾਇਤ ਕਰਨਗੇ।
ਇਨ੍ਹਾਂ ਨਵੇਂ ਬਦਲੇ ਅਧਿਆਪਕਾਂ ਵਿਚ ਗੁਰਪਿਆਰ ਸਿੰਘ ਕੋਟਲੀ ਡੀਟੀਐਫ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਹਨ, ਜਦੋਂ ਕਿ ਰਾਜਵਿੰਦਰ ਮੀਰ ਐਸਐਸਏ ਰਮਸਾ ਦੇ ਮਾਨਸਾ ਜ਼ਿਲ੍ਹਾ ਪ੍ਰਧਾਨ, ਨਿਰਭੈ ਸਿੰਘ ਐਸਐਸਏ ਰਸਮਾ ਦੇ ਜ਼ਿਲ੍ਹਾ ਸੰਗਰੂਰ ਪ੍ਰਧਾਨ, ਹਰਦੀਪ ਸਿੰਘ ਸਿੱਧੂ ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ, ਪਰਮਿੰਦਰ ਸਿੰਘ ਡੀਟੀਐਫ ਬਲਾਕ ਮਾਨਸਾ ਦੇ ਪ੍ਰਧਾਨ, ਹਰਮੰਦਰ ਅਨੂਪਗੜ੍ਹ ਡੀਟੀਐਫ ਜ਼ਿਲ੍ਹਾ ਕਮੇਟੀ ਮੈਂਬਰ, ਦਰਸ਼ਨ ਅਲੀਸ਼ੇਰ ਬੀਐਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਸਕੱਤਰ, ਗੁਰਜੀਤ ਸਿੰਘ ਰੜ੍ਹ ਬੀਐਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਕਮੇਟੀ ਮੈਂਬਰ ਹਨ।
ਫੋਟੋ ਨੰਬਰ: 06
ਫੋਟੋ ਕੈਪਸ਼ਨ: ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ਵਿਚ ਜ਼ਿਲ੍ਹਾ ਕਚਹਿਰੀਆਂ *ਚ ਜੁੜੇ ਵੱਖ—ਵੱਖ ਧਿਰਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਇਕ ਆਗੂ।