ਲੁਧਿਆਣਾ ਰੈਲੀ ’ਚ ਰਾਹੁਲ ਗਾਂਧੀ ਨੇ ਘੇਰੀ ਬੀਜੇਪੀ, ਪੀਐਮ ਮੋਦੀ ‘ਤੇ ਕਿਸਾਨ ਵਿਰੋਧੀ ਹੋਣ ਦੇ ਲਗਾਏ ਇਲਜ਼ਾਮ
ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)- ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਜਿਥੇ ਉਹਨਾਂ ਨੇ ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਉਥੇ ਜੋ ਮੌਜੂਦਾ ਸਰਕਾਰ ‘ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ, ਗਰੀਬੀ ਵਧਾਉਣ ਅਤੇ ਦੇਸ਼ ਦੇ ਆਮ ਲੋਕਾਂ ਨੂੰ ਅਸੁਰੱਖਿਆ ਵੱਲ ਧੱਕਣ ਦੇ ਇਲਜ਼ਾਮ ਲਗਾਏ। ਰਾਹੁਲ ਗਾਂਧੀ ਨੇ ਫ਼ਸਲਾਂ ਦੀ ਐਮਐਸਪੀ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਹੈ ਤਾ ਉਹ ਕਿਸਾਨਾਂ ਲਈ ਮੁੱਖ ਤੌਰ ‘ਤੇ ਤਿੰਨ ਕੰਮ ਕਰਨਗੇ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਗੇ। ਰਾਹੁਲ ਗਾਂਧੀ ਦੇ ਇਸ ਮੌਕੇ ਕਿਸਾਨ ਕਰਜ਼ਾ ਮਾਫੀ ਆਯੋਗ ਬਣਾਉਣ ਦੀ ਗੱਲ ਵੀ ਆਖੀ। ਉਹਨਾਂ ਕਿਹਾ ਕਿ ਜਦੋ ਵੀ ਕਿਸਾਨਾਂ ਦੇ ਕਰਜ਼ਿਆਂ ਨੂੰ ਮਾਫ਼ ਕਰਨ ਦੀ ਜ਼ਰੂਰਤ ਹੋਈ ਤਾ ਇਹ ਆਯੋਗ ਇਸ ਸਬੰਧ ਚ ਆਪਣੀਆਂ ਸਿਫ਼ਾਰਿਸ਼ਾਂ ਜਾਰੀ ਕਰੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਐਮਐਸਪੀ ਦੀ ਗਰੰਟੀ ਵੀ ਕਿਸਾਨਾਂ ਨੂੰ ਦੇਣਗੇ। ਇਸ ਮੌਕੇ ਉਹਨਾਂ ਕਿਸਾਨ ਬੀਮਾ ਨੂੰ ਆਸਾਨ ਤੇਜ਼ ਅਤੇ ਹੋਰ ਲਾਭਕਾਰੀ ਬਣਾਉਣ ਦੀ ਗੱਲ ਆਖੀ ਹੈ। ਜਿੱਤਣ ‘ਤੇ ਦੇਸ਼ ਭਰ ਦੇ ਗਰੀਬ ਲੋਕਾਂ ਨੂੰ ਕਈ ਲਾਭਕਾਰੀ ਯੋਜਨਾਵਾਂ ਦੇਣ ਦਾ ਐਲਾਨ ਵੀ ਰਾਹੁਲ ਗਾਂਧੀ ਨੇ ਇਸ ਮੌਕੇ ਕੀਤਾ। ਇਸ ਮੌਕੇ ਉਹਨਾਂ ਅਗਨੀਵੀਰ ਯੋਜਨਾਂ ਨੂੰ ਬੰਦ ਕਰਨ ਦੀ ਗੱਲ ਵੀ ਆਖੀ। ਰਾਹੁਲ ਦੇ ਕਿਹਾ 30 ਲੱਖ ਸਰਕਾਰੀ ਨੌਕਰੀਆਂ ਖਾਲੀ ਨੇ ਅਤੇ ਇਹ ਲੋਕਾਂ ਨੂੰ ਦਿੱਤੀਆਂ ਜਾਣਗੀਆਂ।























