ਰੂਸ ਦੇ ਦਾਗਿਸਤਾਨ ‘ਚ ਅੱਤਵਾਦੀ ਹਮਲਾ, 5 ਪੁਲਿਸ ਜਵਾਨਾਂ ਸਮੇਤ ਕਈਆਂ ਦੀ ਮੌਤ
ਨਵੀਂ ਦਿੱਲੀ 24ਜੂਨ (ਵਿਸ਼ਵ ਵਾਰਤਾ): ਰੂਸ ਦੇ ਦੱਖਣੀ ਸੂਬੇ ਦਾਗੇਸਤਾਨ ‘ਚ ਧਾਰਮਿਕ ਪ੍ਰਾਰਥਨਾ ਸਥਾਨਾਂ ‘ਤੇ ਆਧੁਨਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕਰਨ ਦੀ ਖ਼ਬਰ ਹੈ। ਗੋਲੀਬਾਰੀ ਦਾਗੇਸਤਾਨ ਦੇ ਡਰਬੇਂਟ ਸ਼ਹਿਰ ਵਿੱਚ ਹੋਈ। ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ, ਦਾਗੇਸਤਾਨ ਦੇ ਗਵਰਨਰ ਨੇ ਕਿਹਾ ਕਿ ਬੰਦੂਕਧਾਰੀਆਂ ਦੇ ਹਮਲਿਆਂ ਵਿੱਚ 15 ਤੋਂ ਵੱਧ ਪੁਲਿਸ ਕਰਮਚਾਰੀ ਅਤੇ ਕਈ ਨਾਗਰਿਕ ਮਾਰੇ ਗਏ ਹਨ, ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਵਿੱਚ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਹਮਲੇ ‘ਚ 20 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਦਾਗੇਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਕੈਸਪੀਅਨ ਸਾਗਰ ਦੇ ਕੰਢੇ ਸਥਿਤ ਡੇਰਬੇਂਟ ਸ਼ਹਿਰ ਵਿੱਚ ਇੱਕ ਪ੍ਰਾਰਥਨਾ ਸਥਾਨ ਅਤੇ ਇੱਕ ਚਰਚ ਉੱਤੇ ਗੋਲੀਬਾਰੀ ਕੀਤੀ। ਇਸ ਕਾਰਨ ਦੋਵਾਂ ਥਾਵਾਂ ’ਤੇ ਅੱਗ ਲੱਗ ਗਈ। ਉਸੇ ਸਮੇਂ, ਮਖਚਕਲਾ ਵਿੱਚ ਇੱਕ ਚਰਚ ਅਤੇ ਇੱਕ ਟ੍ਰੈਫਿਕ ਪੁਲਿਸ ਚੌਕੀ ‘ਤੇ ਹਮਲੇ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ।























