ਮੰਡੀਆਂ ਵਿੱਚ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਲੋੜੀਂਦੇ ਪ੍ਰਬੰਧ

ਕਪੂਰਥਲਾ, 17 ਅਪ੍ਰੈਲ : ਕਣਕ ਦੇ ਸੀਜ਼ਨ ਦੌਰਾਨ ਅੱਜ ਪਏ ਬੇਮੌਸਮੇ ਮੀਂਹ ਦੌਰਾਨ ਮੰਡੀਆਂ ਵਿਚ ਆਈ ਕਣਕ ਨੂੰ ਬਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਤੇ ਮੰਡੀ ਬੋਰਡ ਵਲੋਂ ਕੀਤੇ ਅਗਾਊਂ ਪ੍ਰਬੰਧਾਂ ਤਹਿਤ ਲੋੜ ਅਨੁਸਾਰ ਤਰਪਾਲਾਂ ਉਪਲਬਧ ਹੋਣਾ ਯਕੀਨੀ ਬਣਾਇਆ ਗਿਆ।
ਕਪੂਰਥਲਾ ਜਿਲ੍ਹੇ ਵਿਚ ਕੁੱਲ 42 ਪੱਕੀਆਂ ਤੇ ਬਾਕੀ ਆਰਜ਼ੀ ਮੰਡੀਆਂ ਵਿਚ ਕਣਕ ਦੀ ਆਮਦ ਤੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਵਲੋਂ ਜਿਲ੍ਹਾ ਮੰਡੀ ਅਫਸਰ ਤੇ ਖਰੀਦ ਏਜੰਸੀਆਂ ਦੇ ਜਿਲ੍ਹਾ ਮੈਨੇਜ਼ਰਾਂ ਨੂੰ ਆੜ੍ਹਤੀ ਐਸੋਸੀਏਸ਼ਨਾਂ ਨਾਲ ਰਾਬਤਾ ਕਾਇਮ ਕਰਕੇ ਬੇਮੌਸਮੇ ਮੀਂਹ ਕਾਰਨ ਕਣਕ ਨੂੰ ਬਚਾਉਣ ਲਈ ਹਰੇਕ ਮੰਡੀ ਵਿਚ ਤਰਪਾਲਾਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ।
ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਤੇਜ ਹਵਾਵਾਂ ਚੱਲਣ ਕਾਰਨ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਸਮੂਹ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਕਣਕ ਦੀਆਂ ਢੇਰੀਆਂ ਨੂੰ ਲੋੜ ਪੈਣ ’ਤੇ ਤੁਰੰਤ ਢਕੇ ਜਾਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਤਾਂ ਜੋ ਕਿਸਾਨਾਂ ਦੀ ਫਸਲ ਨੂੰ ਕੋਈ ਨੁਕਸਾਨ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਵਲੋਂ ਆੜ੍ਹਤੀਆਂ ਤੇ ਕਿਸਾਨਾਂ ਦੇ ਸਹਿਯੋਗ ਨਾਲ ਕਣਕ ਦੇ ਢੇਰਾਂ ਅਤੇ ਕਣਕ ਦੇ ਭਰੇ ਹੋਏ ਬੋਰਿਆਂ ਨੂੰ ਬਰਸਾਤ ਸੁਰੂ ਹੋਣ ਤੋਂ ਪਹਿਲਾਂ ਹੀ ਢਕਿਆ ਗਿਆ।






















