• ਪੰਜਾਬ ਵਿਚ ਕਾਰੋਬਾਰ ਨੂੰ ਸੁਖਾਲਾ ਬਣਾਉਣ ਦਾ ਫਾਇਦਾ ਲੈਣ ਵਾਲੇ ਉਦਯੋਗਾਂ ਨੂੰ ਹਰ ਸਹਾਇਤਾ ਦੇਣ ਦਾ ਵਾਅਦਾ
ਜੈਰੁਸਲੇਮ/ਤਲ ਅਵੀਵ, 24 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਯੋਗ ਬਣਾਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦਾ ਉਦੇਸ਼ ਪ੍ਰਦੂਸ਼ਣ ਨੂੰ ਰੋਕਣਾ ਅਤੇ ਸਿੰਚਾਈ ਮਕਸਦਾਂ ਲਈ ਪਾਣੀ ਉਪਲਬੱਧ ਕਰਵਾਉਣਾ ਹੈ।
ਮੁੱਖ ਮੰਤਰੀ ਨੇ ਪੰਜਾਬ ਵਿਚ ਪਾਣੀ ਦੀ ਸੰਭਾਲ ਨੂੰ ਬੜ•ਾਵਾ ਦੇਣ ਅਤੇ ਪਾਣੀ ਦੇ ਪ੍ਰਬੰਧਨ ਦੇ ਮੁੱਦੇ ‘ਤੇ ਇਜ਼ਰਾਈਲ ਦੇ ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੂਵਲ ਸਟੈਨਿਟਜ਼ ਨਾਲ ਵਿਸਤ੍ਰਤ ਵਿਚਾਰ ਵਟਾਂਦਰਾ ਕੀਤਾ।
ਇਜ਼ਰਾਈਲ ਵਿਚ ਖੇਤੀ ਮਕਸਦਾਂ ਲਈ 95 ਫੀਸਦੀ ਸੀਵਰੇਜ ਦਾ ਪਾਣੀ ਸੋਧਣ ਦੇ ਤੱਥਾਂ ਤੋਂ ਮੁੱਖ ਮੰਤਰੀ ਪ੍ਰਭਾਵਿਤ ਹੋਏ ਅਤੇ ਉਨਾਂ ਕਿਹਾ ਕਿ ਇਸੇ ਤਰਾਂ ਦਾ ਪ੍ਰਬੰਧ ਉਹ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਕਰਨਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਮੋਰਚੇ ਉੱਤੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਇਜ਼ਰਾਈਲ ਦੇ ਮੰਤਰੀ ਨੂੰ ਜਾਣੂ ਕਰਵਾਇਆ ਕਿਉਂਕਿ ਇਨਾਂ ਸਮੱਸਿਆਵਾਂ ਦੇ ਨਤੀਜੇ ਵਜੋਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੈ ਅਤੇ ਜਲ ਸਰੋਤ ਪੰਜਾਬ ਲਈ ਲਗਾਤਾਰ ਚੁਣੌਤੀ ਬਣੇ ਹੋਏ ਹਨ। ਉਨ•ਾਂ ਕਿਹਾ ਕਿ ਇਸੇ ਚੁਣੌਤੀ ਦੇ ਕਾਰਨ ਸਰਕਾਰ ਪਾਣੀ ਵਰਗੇ ਵਢਮੁੱਲੇ ਸਰੋਤ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ-ਕਣਕ ਦੇ ਚੱਕਰ ਵਿਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਡਾ. ਸਟੈਨਿਟਜ਼ ਨੇ ਦੱਸਿਆ ਕਿ ਇਜ਼ਰਾਈਲ ਇਸ ਸਬੰਧ ਵਿਚ ਉਨ•ਾਂ ਦੀ ਹਰ ਮਦਦ ਕਰ ਕੇ ਖੁਸ਼ ਹੋਵੇਗਾ। ਉਨ•ਾਂ ਕਿਹਾ ਕਿ ਭਾਰਤ ਦੇ ਨਾਲ ਨੇੜੇ ਦੇ ਇਤਿਹਾਸਕ, ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਦੇ ਕਾਰਨ ਉਨ•ਾਂ ਨੂੰ ਇਸ ਸਬੰਧ ਵਿਚ ਹੋਰ ਵੀ ਖੁਸ਼ੀ ਹੋਵੇਗੀ। ਮੰਤਰੀ ਨੇ ਕੁਲ ਲੋੜ ਅਤੇ ਉਪਲਬੱਧਤਾ ਦੇ ਅਨੁਮਾਨ ਰਾਹੀਂ ਢੁੱਕਵੇਂ ਪਾਣੀ ਪ੍ਰਬੰਧਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਇਜ਼ਰਾਈਲ ਲਗਾਤਾਰ ਪੰਜਵੇਂ ਸਾਲ ਸੋਕੇ ਦਾ ਸਾਹਮਣਾ ਕਰ ਰਿਹਾ ਹੈ ਪਰ ਇਹ ਵੱਖ ਵੱਖ ਤਰੀਕਿਆਂ ਰਾਹੀਂ ਆਪਣੀਆਂ ਪਾਣੀ ਦੀਆਂ ਜ਼ਰੂਰਤਾਂ ਦਾ ਪ੍ਰਬੰਧ ਕਰ ਰਿਹਾ ਹੈ। ਇਸ ਵੱਲੋਂ ਆਪਣੀਆਂ 80 ਫੀਸਦੀ ਘਰੇਲੂ ਜ਼ਰੂਰਤਾਂ ਲਈ ਖਾਰੇ ਪਾਣੀ ਦੀ ਦੋਹਰੀ ਸੁਧਾਈ ਕਰਕੇ ਕੀਤੀ ਜਾ ਰਹੀ ਹੈ। ਉਨ•ਾਂ ਨੇ ਇਸ ਸਬੰਧ ਵਿਚ ਲੋਕਾਂ ਨੂੰ ਜਾਗਰੁਕ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਦੋਵਾਂ ਧਿਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੰਤਰੀ ਨੂੰ ਪੰਜਾਬ ਦਾ ਦੌਰਾ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਸ਼ਹਿਰ ਜੈਰੁਸਲੇਮ ਦੇ ਵੱਖ ਵੱਖ ਸਥਾਨਾਂ ‘ਤੇ ਗਏ। ਉਨ•ਾਂ ਨੇ ਇੰਡੀਅਨ ਹੋਸਪਾਈਸ ਦਾ ਵੀ ਦੌਰਾ ਕੀਤਾ। ਇਹ ਯਾਦਗਾਰ 800 ਸਾਲਾ ਪੁਰਾਣੀ ਹੈ। ਇਸ ਦੀ ਭਾਰਤੀ ਮੁਸਲਮਾਨਾਂ ਵਿਚ ਬਹੁਤ ਜ਼ਿਆਦਾ ਮਾਣਤਾ ਹੈ। ਇਹ ਯਾਦਗਾਰ ਹਜ਼ਰਤ ਫਰੀਦ ਉਦ-ਦੀਨ ਗੰਜ ਸ਼ਕਰ ਜਾਂ ਬਾਬਾ ਫਰੀਦ ਦਾ ਪਵਿੱਤਰ ਸਥਾਨ ਹੈ। ਹੋਸਪਾਈਸ ਦਾ ਤੋਹਫਾ ਸਥਾਨਕ ਲੋਕਾਂ ਵੱਲੋਂ ਸੂਫੀ ਸੰਤ ਨੂੰ ਦਿੱਤਾ ਗਿਆ ਸੀ। ਇਹ ਸੂਫੀ ਸੰਤ ਪੰਜਾਬ ਦੇ ਫਰੀਦਕੋਟ ਤੋਂ ਸਨ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਕੁਝ ਸਮੇਂ ਲਈ ਜੈਰੁਸਲੇਮ ਵਿਖੇ ਠਹਿਰੇ ਸਨ। ਮੁੱਖ ਮੰਤਰੀ ਦੇ ਨਾਲ ਇਜ਼ਰਾਈਲ ਵਿਚ ਭਾਰਤੀ ਰਾਜਦੂਤ ਪਵਨ ਕਪੂਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਸਕੱਤਰ ਵਿਸਵਜੀਤ ਖੰਨਾ ਅਤੇ ਡੀ.ਆਈ.ਜੀ ਇਨਟੈਲੀਜੈਂਸ ਦਿਨਕਰ ਗੁਪਤਾ ਵੀ ਸਨ।
ਇਸ ਤੋਂ ਪਹਿਲਾਂ ਇਜ਼ਰਾਈਲੀ ਨਿਵੇਸ਼ ਅਤੇ ਵਪਾਰ ਨੂੰ ਆਕਰਸ਼ਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਸੂਬੇ ਭਰ ਦੇ ਵੱਖ ਵੱਖ ਸੈਕਟਰਾਂ ਵਿਚ ਨਿਵੇਸ਼ ਕਰਨ ਨੂੰ ਤਿਆਰ ਇਜ਼ਰਾਈਲੀ ਕੰਪਨੀਆਂ ਨੂੰ ਆਪਣੀ ਸਰਕਾਰ ਵੱਲੋਂ ਹਰ ਸਹਾਇਤਾ ਦੇਣ ਦਾ ਵਾਅਦਾ ਕੀਤਾ।
‘ਪੰਜਾਬ ਵਿਚ ਨਿਵੇਸ਼ ਦੇ ਮੌਕੇ’ ਸਬੰਧੀ ਇੱਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਪਾਰ ਨੂੰ ਬੜ•ਾਵਾ ਦੇਣ ਵਾਸਤੇ ਇਸ ਨੂੰ ਸੁਖਾਲਾ ਬਣਾਇਆ ਹੈ। ਸੂਬਾ ਸਰਕਾਰ ਵੱਲੋਂ ਸਸਤੀ ਬਿਜਲੀ ਦੇਣ ਤੋਂ ਇਲਾਵਾ ਇੱਕ ਖਿੜਕੀ ਪ੍ਰਵਾਨਗੀ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬੇ ਵਿਚ ਸੰਚਾਰ ਅਤੇ ਟਰਾਂਸਪੋਰਟ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਹੈ। ਇਹ ਸੈਮੀਨਾਰ ਇਜ਼ਰਾਈਲ-ਏਸ਼ੀਅਨ ਚੈਂਬਰ ਆਫ ਕਮਰਸ ਦੇ ਸਹਿਯੋਗ ਨਾਲ ਭਾਰਤੀ ਦੂਤਾਵਾਸ ਵੱਲੋਂ ਤਲ ਅਵੀਵ ਵਿਖੇ ਆਯੋਜਿਤ ਕਰਵਾਇਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਚਾਰ ਹਵਾਈ ਅੱਡੇ ਹੋਣ ਤੋਂ ਇਲਾਵਾ ਪੰਜਾਬ ਮੱਧ ਪੂਰਵ ਲਈ ਇੱਕ ਪ੍ਰਮੁੱਖ ਲਾਂਘਾ ਹੈ। ਉਨ•ਾਂ ਨੇ ਸੈਮੀਨਾਰ ਦੌਰਾਨ ਉੱਘੇ ਉਦਯੋਗਪਤੀਆਂ ਨੂੰ ਜਾਣਕਾਰੀ ਦਿੱਤੀ ਅਤੇ ਉਨ•ਾਂ ਦੇ ਸਾਹਮਣੇ ਇੱਕ ਵਿਸਤ੍ਰਤ ਪੇਸ਼ਕਾਰੀ ਵੀ ਕੀਤੀ ਜਿਸ ਵਿਚ ਦੁਨੀਆਂ ਦੇ ਪ੍ਰਮੁੱਖ ਉਦਯੋਗਪਤੀਆਂ ਲਈ ਪੰਜਾਬ ਵਪਾਰ ਦਾ ਇੱਕ ਵਧੀਆ ਸਥਾਨ ਹੋਣ ਦਾ ਪ੍ਰਗਟਾਵਾ ਕੀਤਾ ਗਿਆ। ਉਨ•ਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਬਹੁਤ ਵਧੀਆ ਯੂਨੀਵਰਸਿਟੀਆਂ ਹਨ ਜੋ ਸਿੱਖਿਅਤ, ਹੁਨਰਮੰਦ ਅਤੇ ਸਖ਼ਤ ਮਿਹਨਤੀ ਮਾਨਵੀ ਸ਼ਕਤੀ ਮੁਹੱਈਆ ਕਰਵਾ ਰਹੀਆਂ ਹਨ ਜੋ ਕਿ ਵਪਾਰ ਨੂੰ ਬੜ•ਾਵਾ ਦੇਣ ਅਤੇ ਇਸ ਨੂੰ ਸਥਾਪਤ ਕਰਨ ਲਈ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ, ”ਜਦੋਂ ਤੁਸੀਂ ਪੰਜਾਬ ਆਉਗੇ, ਅਸੀਂ ਤੁਹਾਡਾ ਬਾਹਾਂ ਉਲਾਰ ਕੇ ਸਵਾਗਤ ਕਰਾਂਗੇ ਅਤੇ ਤੁਹਾਡੇ ਵਪਾਰਕ ਉਦਮਾਂ ਵਿਚ ਤੁਹਾਡੀ ਮਦਦ ਕਰਾਂਗੇ”। ਉਨ•ਾਂ ਉਮੀਦ ਪ੍ਰਗਟ ਕੀਤੀ ਕਿ ਇਹ ਮੌਕਾ ਪੰਜਾਬ ਅਤੇ ਇਜ਼ਰਾਈਲ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਾਰਗਰ ਹੋਵੇਗਾ।
ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਸੋਲਰ ਪਾਵਰ ਪ੍ਰਾਜੈਕਟਾਂ ਵਿਚ ਵੱਡੇ ਫਾਈਦੇ ਦੇਣ ਲਈ ਧਿਆਨ ਕੇਂਦਰਤ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਖੇਤਾਂ ਵਿਚ ਸੋਲਰ ਮੋਟਰ ਪੰਪ ਸਥਾਪਤ ਕਰਨ ਦੀ ਤਵੱਕੋ ਰਖਦੀ ਹੈ ਅਤੇ ਸੂਬਾ ਸਰਕਾਰ ਨੇ ਨਵੀਂਆਂ ਇਮਾਰਤਾਂ ਵਾਸਤੇ ਪਹਿਲਾਂ ਹੀ ਸੋਲਰ ਸਿਸਟਮ ਨੂੰ ਜ਼ਰੂਰੀ ਬਣਾ ਦਿੱਤਾ ਹੈ।
ਪਿਛਲੇ 40 ਸਾਲਾਂ ਤੋਂ ਭਾਰਤ ਨੂੰ ਅਨਾਜ ਸੁਰੱਖਿਆ ਵਿਚ ਆਤਮ ਨਿਰਭਰ ਬਣਾਉਣ ਲਈ ਪੰਜਾਬ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਸੂਬੇ ਦੀ ਖੇਤੀਬਾੜੀ ਨੂੰ ਹੁਣ ਚੁਣੌਤੀਆਂ ਦਰਪੇਸ਼ ਹਨ। ਉਨ•ਾਂ ਨੇ ਸੂਬੇ ਵਿਚ ਫਸਲੀ ਵਿਭਿੰਨਤਾ ‘ਤੇ ਜ਼ੋਰ ਦਿੱਤਾ ਅਤੇ ਸੂਬੇ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਦੀ ਗੱਲ ਦੁਹਰਾਈ। ਉਨ•ਾਂ ਕਿਹਾ ਕਿ ਇਜ਼ਰਾਈਲ ਦੀ ਤੁਪਾ ਸਿੰਚਾਈ ਤਕਨਾਲੋਜੀ ਬਹੁਤ ਵਧੀਆ ਹੈ ਅਤੇ ਪੰਜਾਬ ਇਸ ਨੂੰ ਅਪਣਾ ਸਕਦਾ ਹੈ।
ਮੁੱਖ ਮੰਤਰੀ ਨੇ ਪੰਜਾਬ ਵਿਚ ਸਨਅਤੀਕਰਨ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਰੱਖਿਆ ਜਿਸ ਨੂੰ 1947 ਦੇ ਬਟਵਾਰੇ ਦੌਰਾਨ ਵੱਡੀ ਢਾਹ ਲੱਗੀ ਅਤੇ ਇਸ ਤੋਂ ਬਾਅਦ 1966 ਵਿਚ ਵੀ ਇਸ ਨੂੰ ਇਸ ਖੇਤਰ ਵਿਚ ਨੁਕਸਾਨ ਉਠਾਣਾ ਪਿਆ। ਉਨ•ਾਂ ਕਿਹਾ ਕਿ ਉਦਮੀ ਭਾਵਨਾ ਅਤੇ ਮਜ਼ਬੂਤੀ ਦੇ ਕਾਰਨ ਪੰਜਾਬੀ ਇਜ਼ਰਾਈਲ ਅਤੇ ਹੋਰ ਦੇਸ਼ਾਂ ਦੇ ਨਿਵੇਸ਼ ਦੇ ਸਮਰਥਨ ਨਾਲ ਸੂਬੇ ਦੀ ਤਕਦੀਰ ਬਦਲ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ 1971 ਵਿਚ ਕੀਤੇ ਇਜ਼ਰਾਈਲ ਦੇ ਆਪਣੇ ਦੌਰੇ ਨੂੰ ਵੀ ਯਾਦ ਕੀਤਾ ਜਦੋਂ ਉਹ ਇਜ਼ਰਾਈਲ ਦੇ ਲੋਕਾਂ ਦੀਆਂ ਭਾਵਨਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸਨ। ਉਨ•ਾਂ ਉਮੀਦ ਪ੍ਰਗਟ ਕੀਤੀ ਕਿ ਉਹ ਭਾਵਨਾ ਆਉਂਦਿਆਂ ਮਹੀਨਿਆਂ ਦੌਰਾਨ ਪੰਜਾਬ ਨਾਲ ਸਹਿਯੋਗ ਅਤੇ ਭਾਈਵਾਲੀ ਵਿਚ ਵਾਧੇ ਨਾਲ ਰੂਪਮਾਨ ਹੋਵੇਗੀ।
ਇਸ ਸੈਮੀਨਾਰ ਵਿਚ ਹਾਜ਼ਰ ਇਜ਼ਰਾਈਲ ਦੇ ਉਘੇ ਉਦਯੋਗਪਤੀਆਂ ਵਿਚ ਸੋਲਵ ਸੋਲਰ ਐਨਰਜੀ ਦੇ ਸੀ.ਈ.ਓ ਡਰੋਰ ਗਰੀਨ, ਇਜ਼ਰਾਈਲ-ਭਾਰਤ ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨਤ ਬਰਨਸਟੀਨ-ਰੀਚ, ਵੀਬਾਯੇ ਦੇ ਸੀ.ਈ.ਓ ਐਮਿਲ ਗੁਬਰਮੈਨ, ਬਾਈਓਫੀਡ ਦੇ ਸੀ.ਈ.ਓ ਨਿਮਰੋਦ ਇਜ਼ਰਾਈਲੀ, ਏ.ਐਮ.ਐਸ ਟੈਕਨੋਲੋਜੀਜ਼ ਦੇ ਸੀ.ਈ.ਓ ਗਿਲ ਮੀਰੋਵਿਚ, ਮੈਨੇਜਰ ਆਰਥਿਕ ਮੰਤਰਾਲੇ, ਇਜ਼ਰਾਈਲ ਸਰਕਾਰ ਸਾਗੀ ਇੱਚਰ ਅਤੇ ਨਾਨਦਾਨਜੈਨ ਦੇ ਡਾਇਰੈਕਟਰ ਅਮਨੋਨ ਓਫੇਨ ਸ਼ਾਮਲ ਸਨ।