
ਡਾਇਮੰਡ ਸਰਟੀਫਿਕੇਟ ਵੀ ਐਲਾਨਿਆ
ਅੰਮ੍ਰਿਤਸਰ, 21 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕਤਾ ਲਈ ਚਲਾਈ ਗਈ ‘ਮਿਸ਼ਨ ਯੋਧੇ‘ ਮੁਹਿੰਮ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁਹਿੰਮ ਨੂੰ ਹੋਰ ਦੋ ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਅਗਲੇ ਪੜਾਅ ਵਜੋਂ ਡਾਇਮੰਡ ਸਰਟੀਫਿਕੇਟ ਦਾ ਐਲਾਨ ਵੀ ਕੀਤਾ ਹੈ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਨੇ ‘ਮਿਸ਼ਨ ਫਤਹਿ‘ ਤਹਿਤ 15 ਜੂਨ ਤੋਂ 15 ਜੁਲਾਈ ਤੱਕ ਮਹੀਨਾ ਭਰ ਚੱਲੇ ਮੁਕਾਬਲੇ ਦੇ 7 ਜੇਤੂਆਂ ਨੂੰ ਵੀ ਵਧਾਈ ਦਿੰਦੇ ਇਹ ਐਲਾਨ ਕੀਤਾ ਹੈ। ਉਨਾਂ ਦੱਸਿਆ ਕਿ ਇਨਾਂ ਜੇਤੂਆਂ ਵਿੱਚ ਅੰਮ੍ਰਿਤਸਰ ਦੇ ਮੀਨਾ ਦੇਵੀ ਵੀ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਕੋਵਿਡ ਬਾਰੇ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਵਾਲੇ ਜੇਤੂਆਂ ਨੂੰ ਵਧਾਈਆਂ ਦਿੰਦਿਆਂ ਹੋਰਨਾਂ ਲੋਕਾਂ ਨੂੰ ਵੀ ਦੋ ਮਹੀਨਿਆਂ ਲਈ ਵਧਾਏ ‘ਮਿਸ਼ਨ ਯੋਧੇ‘ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਜਾ ਰਹੇ ਰੋਕਥਾਮ ਉਪਾਵਾਂ ਬਾਰੇ ਸੰਵੇਦਨਸ਼ੀਲ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ 100 ਮਿਸ਼ਨ ਯੋਧਿਆਂ ਨੂੰ 16 ਜੁਲਾਈ ਤੱਕ ਮੁਕਾਬਲਾ ਜਿੱਤਣ ਲਈ ਗੋਲਡ ਸਰਟੀਫਿਕੇਟ ਦਿੱਤਾ ਜਾ ਚੁੱਕਾ ਹੈ ਅਤੇ ਇਸ ਮੁਕਾਬਲੇ ਵਿੱਚ 3.2 ਲੱਖ ਲੋਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਹੈ। ਉਨਾਂ ਦੱਸਿਆ ਕਿ ਇਸ ਵਧਾਈ ਹੋਈ ਮੁਹਿੰਮ ਵਿੱਚ ਗੋਲਡ ਸਰਟੀਫਿਕੇਟ ਜੇਤੂ ਹੋਰ ਗੋਲਡ, ਸਿਲਵਰ ਜਾਂ ਬਰੌਂਜ (ਸੋਨੇ, ਚਾਂਦੀ ਤੇ ਕਾਂਸੀ) ਸਰਟੀਫਿਕੇਟ ਜਿੱਤਣ ਲਈ ਯੋਗ ਨਹੀਂ ਹੋਣਗੇ ਪਰ ਉਹ ਡਾਇਮੰਡ ਸਰਟੀਫਿਕੇਟ ਜਿੱਤਣ ਲਈ ਇਸ ਮੁਕਾਬਲੇ ਵਿੱਚ ਅੱਗੇ ਹਿੱਸਾ ਲੈ ਸਕਣਗੇ।
ਸੂਬਾ ਸਰਕਾਰ ਨੇ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਹੜੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ, ਦਾਨੀ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਚਲਾਈਆਂ ਜਾ ਰਹੀਆਂ ਹਨ। ਮੁਹਿੰਮ ਦਾ ਟੀਚਾ ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਵਿੱਥ ਦੀ ਪਾਲਣਾ, ਵੱਡਿਆਂ ਦੀ ਸੰਭਾਲ ਕਰਨ, ਆਪਣੇ ਇਲਾਕੇ ਵਿੱਚ ਬਾਹਰੀ ਲੋਕਾਂ ਦੇ ਦਾਖਲੇ ‘ਤੇ ਚੌਕਸੀ ਰੱਖਣੀ, ਮਹਾਂਮਾਰੀ ਤੋਂ ਪੀੜਤ ਮਰੀਜਾਂ ਨੂੰ ਲੱਭਣ ਲਈ ਕੋਵਾ ਐਪ ਦੀ ਵਰਤੋਂ ਕਰਨੀ ਅਤੇ ਉਨਾਂ ਕੋਲੋਂ ਸੁਰੱਖਿਅਤ ਵਿੱਥ ਬਣਾਏ ਰੱਖਣ ਲਈ ਜਾਗਰੂਕ ਕਰਨਾ ਹੈ।






















