ਮੁੱਖ ਮੰਤਰੀ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਦੇ ਸੁਰੱਖਿਆ ਕਾਫ਼ਲੇ ਵਿੱਚ ਵਾਧੇ ਦੀ ਬਜਾਏ ਸਮਾਗਮਾਂ ਵਿੱਚ ਸੁਰੱਖਿਆ ਵਧਾਉਣ ਦੇ ਦਿੱਤੇ ਗਏ ਹਨ ਹੁਕਮ – ADGP ਏਕੇ ਪਾਂਡੇ
ਚੰਡੀਗੜ੍ਹ,10ਫਰਵਰੀ(ਵਿਸ਼ੇਸ਼ ਪ੍ਰਤੀਨਿਧ\ਵਿਸ਼ਵ ਵਾਰਤਾ)- ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਮੁੱਖ ਮੰਤਰੀ ਏਕੇ ਪਾਂਡੇ ਨੇ ਵਿਸ਼ਵ ਵਾਰਤਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਰੇਂਜਾਂ ਦੇ ਮੁਖੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਵੇਲੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਜਾਣ ਅਤੇ ਸੁਰੱਖਿਆ ਕਵਰ ਦਾ ਪੂਰਾ ਮੁਸਤੈਦੀ ਨਾਲ ਧਿਆਨ ਰੱਖਿਆ ਜਾਵੇ।
ਸ਼੍ਰੀ ਪਾਂਡੇ ਨੇ ਸਪਸ਼ਟ ਕੀਤਾ ਕਿ ਡਾ.ਗੁਰਪ੍ਰੀਤ ਕੌਰ ਦੀ ਸਰੁੱਖਿਆ ਵਿੱਚ ਲੱਗੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਜ਼ਿਲ੍ਹਿਆਂ ਵਿੱਚ ਜਿਹਨਾਂ ਸਮਾਗਮਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਹਿੱਸਾ ਲੈਂਦੇ ਹਨ, ਉਹਨਾਂ ਵਿੱਚ ਲੋਕ ਅਕਸਰ ਸਰੁੱਖਿਆ ਘੇਰਾ ਤੋੜ ਕੇ ਉਹਨਾਂ ਦੇ ਨਜ਼ਦੀਕ ਪਹੁੰਚ ਜਾਂਦੇ ਹਨ। ਉਨ੍ਹਾਂ ਹਾਲਾਤਾਂ ਨੂੰ ਦੇਖ ਕੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਮੁੱਖ ਮੰਤਰੀ ਦੀ ਪਤਨੀ ਲਈ ਇੱਕ ਢੁੱਕਵੀਂ ਸੁਰੱਖਿਆ ਰੇਂਜ ਯਕੀਨੀ ਬਣਾਈ ਜਾਵੇ। ਉਸ ਸੁਰੱਖਿਆ ਰਿੰਗ ਵਿੱਚ ਕਿ 2 ਦਰਜਨ ਦੇ ਕਰੀਬ ਕਰਮਚਾਰੀ ਲਗਾਏ ਜਾਣ,ਜਿਸ ਵਿੱਚ 2 ਹਿੱਸੇ ਪੁਰਸ਼ ਅਤੇ 1ਹਿੱਸਾ ਮਹਿਲਾ ਕਰਮਚਾਰੀਆਂ ਦੀ ਡਿਊਟੀ ਲੱਗਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੁਰੱਖਿਆ ਰਿੰਗ ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਏਡੀਜੀਪੀ ਨੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਕਰਮਚਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਹਨ ਕਿ ਉਹ ਕਿਸੇ ਵੀ ਜ਼ਿਲ੍ਹੇ ਦੇ ਪ੍ਰੋਗਰਾਮ ਵਿੱਚ ਜਾਣ ਤੋਂ ਪਹਿਲਾਂ ਸਬੰਧਿਤ ਜ਼ਿਲ੍ਹੇ ਦੀ ਪੁਲਿਸ ਨੂੰ ਵੀ ਸਮੇਂ ਸਿਰ ਸੂਚਨਾ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਜ਼ਿਲ੍ਹਾ ਪੁਲਿਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾ ਸਕਣ।
ਉਨ੍ਹਾਂ ਇਹ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਦੀ ਪਤਨੀ ਡਾ.ਗੁਰਪ੍ਰੀਤ ਕੌਰ ਜੋ ਕਿ ਪੰਜਾਬ ਦੇ ਲੋਕਾਂ ਦੇ ਸਮਾਜਿਕ ਸਮਾਗਮਾਂ ਵਿੱਚ ਜਾ ਕੇ ਮੁੱਖ ਮੰਤਰੀ ਦੀ ਪ੍ਰਤੀਨਿਧਤਾ ਕਰਦੇ ਹਨ, ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਉਹਨਾਂ ਦੀ ਡਿਊਟੀ ਹੈ। ਇਸ ਲਈ ਹੀ ਜ਼ਿਲ੍ਹਾ ਪੁਲਿਸ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ।