ਚੰਡੀਗੜ੍ਹ, 3 ਨਵੰਬਰ (ਵਿਸ਼ਵ ਵਾਰਤਾ) – ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਕੀਤੀ ਗਈ ਟਿੱਪਣੀ ਦਾ ਮਾਮਲਾ ਪੰਜਾਬ ਮੰਦਰੀ ਮੰਡਲ ਵਿਚ ਉਠਿਆ ਤਾਂ ਜ਼ਰੂਰ ਪਰ ਕੈਪਟਨ ਨੇ ਇਸ ਨੂੰ ਸ਼ਾਂਤ ਕਰ ਦਿੱਤਾ।
ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਅੱਜ ਆਯੋਜਿਤ ਬੈਠਕ ਵਿਚ ਕਈ ਮੰਤਰੀਆਂ ਨੇ ਸਿੱਧੂ ਦੇ ਬਿਆਨ ਦਾ ਮੁੱਦਾ ਉਠਾਇਆ। ਇਸ ਉਤੇ ਅਮਰਿੰਦਰ ਸਿੰਘ ਨੇ ਤੁਰੰਤ ਦਖਲ ਅੰਦਾਜੀ ਦਿੰਦਿਆਂ ਮੰਤਰੀਆਂ ਨੂੰ ਸਿੱਧੂ ਦੇ ਖਿਲਾਫ ਕਿਸੇ ਤਰਾਂ ਦੀ ਆਲੋਚਨਾਤਮਕ ਟਿਪਣੀ ਕਰਨ ਤੋਂ ਮਨਾ ਕਰ ਦਿੱਤਾ। ਸਿੱਧੂ ਦੇ ਵਿਰੋਧ ਵਿਚ ਘੱਟ ਤੋਂ ਘੱਟ ਛੇ ਮੰਤਰੀ ਕੈਬਨਿਟ ਵਿਚ ਮੋਰਚਾ ਖੋਲਣ ਦੀ ਤਿਆਰੀ ਵਿਚ ਸਨ, ਪਰ ਮੁੱਖ ਮੰਤਰੀ ਦੇ ਰੁਖ ਨਾਲ ਮਾਮਲੇ ਉਤੇ ਕੋਈ ਚਰਚਾ ਨਹੀਂ ਹੋਈ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਇਸ ਬੈਠਕ ਵਿਚ ਨਹੀਂ ਆਏ। ਹੋਰ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਵਿਚ ਰੁਝੇ ਹੋਣ ਕਾਰਨ ਵੀ ਸਿੱਧੂ ਦਾ ਮੀਟਿੰਗ ਵਿਚ ਆਉਣਾ ਸੰਭਵ ਨਹੀਂ ਸੀ।