ਮੁੱਖ ਮੰਤਰੀ ਜਾਮ ਖੁੱਲ੍ਹਵਾਉਣ ਦੀ ਬਜਾਏ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ – ਮਨਜੀਤ ਸਿੰਘ ਭੋਮਾ
ਚੰਡੀਗੜ੍ਹ,12ਫਰਵਰੀ(ਵਿਸ਼ਵ ਵਾਰਤਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਫੜ੍ਹਕੇ ਜੇਲਾਂ ਵਿੱਚ ਸੁੱਟਣ । ਸ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਵਲੋਂ ਕੀਤੀ ਅਪੀਲ ਕਿ ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸੰਬੰਧ ਵਿੱਚ ਬਹਿਬਲ ਕਲਾਂ ਨੈਸ਼ਨਲ ਹਾਈਵੇ ਤੇ ਲੱਗਾ ਧਰਨਾ ਖੋਲ੍ਹ ਦਿਤਾ ਜਾਵੇ , ਇਸ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਬਦਲੇ ਪੰਜਾਬੀਆਂ ਤੇ ਸਿੱਖਾਂ ਤੋਂ ਵੋਟਾਂ ਮੰਗੀਆ ਸੀ। ਲੋਕਾਂ ਵੋਟਾਂ ਪਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਪੰਜਾਬ ਬਣਾ ਦਿੱਤਾ ਪਰ ਅਫਸੋਸ ਇੱਕ ਸਾਲ ਬੀਤ ਜਾਣ ਬਾਅਦ ਵੀ ਇਹ ਮੁੱਦੇ ਜਿਉਂ ਦੇ ਤਿਉਂ ਕਾਇਮ ਹਨ ਸਗੋਂ ਪੀੜਤ ਪਰਿਵਾਰਾਂ ਤੇ ਸਿੱਖ ਕੌਮ ਨੂੰ ਇਨਸਾਫ ਲੈਣ ਲਈ ਮੋਰਚੇ ਤੇ ਧਰਨੇ ਲਾਉਣੇ ਪੈ ਰਹੇ ਹਨ ।
ਉਨਾ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ, ਬਾਦਲ ਸਰਕਾਰ ਵੇਲੇ ਤਾਂ ਉਕਤ ਕਾਂਡ ਵਾਪਰੇ ਸੀ, ਉਨਾਂ ਕੋਲੋਂ ਤਾਂ ਇਨਸਾਫ ਦੀ ਉਮੀਦ ਹੀ ਨਹੀਂ ਸੀ । ਚੰਨੀ ਸਰਕਾਰ ਵੀ ਕੋਈ ਇਨਸਾਫ਼ ਨਾ ਦੇ ਸਕੀ । ਪਰ ਹੁਣ ਸਮਾਂ ਬਦਲ ਗਿਆ ਹੈ ,ਲੋਕਾਂ ਨੂੰ ਮੂਰਖ ਨਾ ਬਣਾਉ । ਕੈਪਟਨ ਬਾਦਲ-ਕੈਪਟਨ ਦੀ ਖਿਉਂ ਖਿਚੜੀ ਤੋਂ ਸਾਰਾ ਪੰਜਾਬ ਤੇ ਅਵਾਮ ਭਲੀ ਭਾਂਤੀ ਜਾਣੂ ਸੀ । ਪੰਜਾਬ ਦੇ ਲੋਕ ਇਹਨੇ ਦੁਖੀ ਤੇ ਸਤਾਏ ਹੋਏ ਸਨ ਕਿ ਉਨਾਂ ਤੁਹਾਡੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਡੇ ਬਹੁਮਤ ਨਾਲ ਬਣਾ ਦਿੱਤੀ ਪਰ ਤੁਸੀ ਵੀ ਸਿੱਖਾਂ ਦੇ ਉਕਤ ਮਸਲੇ ਹੱਲ ਕਰਨ ਦੀ ਬਜਾਏ ਬਾਦਲ ਕੈਪਟਨ ਚੰਨੀ ਦੇ ਰਾਹ ਤੁਰ ਪਏ ਹੋ,ਜਿਸ ਦੇ ਨਤੀਜੇ ਠੀਕ ਨਹੀਂ ਹੋਣਗੇ। ਇਸ ਲਈ ਉਕਤ ਮਸਲਿਆਂ ਨੂੰ ਤੁਰੰਤ ਹੱਲ ਕਰੋ ਤੇ ਅਸਲ ਦੋਸ਼ੀਆ ਨੂੰ ਜੇਲ੍ਹਾਂ ਚ ਡੱਕੋ। ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਪੰਜਾਬ ਦੀ ਅਸੰਬਲੀ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੋ ।
ਮਨਜੀਤ ਸਿੰਘ ਭੋਮਾ ਸਪੱਸ਼ਟ ਕੀਤਾ ਕਿ ਹੈਰਾਨੀਜਨਕ ਗੱਲ ਹੈ ਕਿ ਪੰਜਾਬ ਵਿਚ ਹੀ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ ਤਾਂ ਇਸ ਤੋਂ ਸਾਫ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿਵੇਂ ਸਭ ਸਿਆਸੀ ਪਾਰਟੀਆਂ ਪੰਜਾਬ ਨੂੰ ਲਹੂ ਪੀਣੀਆਂ ਜੋਕਾਂ ਚਿੰਬੜੀਆਂ ਹਨ। ਭੋਮਾ ਅਨੁਸਾਰ ਜੇ ਅਸੀਂ ਆਪਣੇ ਗੁਰੂ ਨੂੰ ਹੀ ਇਨਸਾਫ ਦਿਵਾ ਸਕੇ ਤਾਂ ਅਸੀਂ ਕਿਸ ਮੂੰਹ ਨਾਲ ਸਿੱਖ ਅਖਵਾਉਣ ਜੋਗੇ ਰਹਿ ਜਾਵਾਂਗੇ। ਬਿਆਨ ਦੇ ਅਖੀਰ ਉਹਨਾਂ ਗੁਰਦੀਪ ਸਿੰਘ ਖੈੜਾ ਦੀ ਪਾਰੋਲ ਤੇ ਹੋਈ ਰਿਹਾਈ ਦਾ ਸਵਾਗਤ ਕਰਦਿਆਂ ਬਾਕੀ ਬੰਦੀ ਸਿੰਘਾਂ ਦੀਆਂ ਪੱਕੀਆਂ ਰਿਹਾਈਆਂ ਤੁਰੰਤ ਹੋਣੀਆਂ ਚਾਹੀਦੀਆਂ ਹਨ ।