ਮਾਮਲਾ ਕੋਰੀਅਰ ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ
ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਦੂਜੇ ਦਿਨ ਘੇਰਿਆ ਕੰਪਨੀ ਦਫ਼ਤਰ
ਬਠਿੰਡਾ 20 ਨਵੰਬਰ (ਕੁਲਬੀਰ ਬੀਰਾ): ਬਠਿੰਡਾ ਵਿਖੇ ਕੋਰੀਅਰ ਕੰਪਨੀ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਆਪਣੇ ਚਾਲੀ ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ ਭੱਖ ਗਿਆ ਅਤੇ ਆਪਣਾ ਖੋਹਿਆ ਰੁਜ਼ਗਾਰ ਵਾਪਸ ਪਾਉਣ ਲਈ ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਕੰਪਨੀ ਦਾ ਦਫ਼ਤਰ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਜ਼ਮ ਪ੍ਰਿੰਸ ਕੁਮਾਰ ਸ਼ੇਰ ਸਿੰਘ ਮਲਕੀਤ ਸਿੰਘ ਹਰਦੀਪ ਸਿੰਘ ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਈ ਕਾਰਟ ਕੋਰੀਅਰ ਕੰਪਨੀ ਵਿਚ ਨੌਕਰੀ ਕਰਦੇ ਸਨ ਅਤੇ ਅੱਜ ਸਵੇਰੇ ਜਦੋਂ ਉਹ ਆਪਣੀ ਡਿਊਟੀ ਦੇਣ ਲਈ ਔਖੀ ਸਹਾਇਤਾ ਸਕਿਉਰਿਟੀ ਗਾਰਡ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਜਦ ਕਿ ਕੰਪਨੀ ਅਤੇ ਉਕਤ ਦਫ਼ਤਰ ਮੈਨੇਜਰ ਵੱਲੋਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਕੋਈ ਅਗਾਊਂ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਪਣਾ ਖੋਹਿਆ ਰੁਜ਼ਗਾਰ ਪ੍ਰਾਪਤ ਕਰ ਲਈ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਅੱਜ ਕਿਸਾਨ ਆਗੂ ਪਰਮਿੰਦਰ ਕੌਰ ਪਿਥੋ, ਜਗਸੀਰ ਸਿੰਘ ਝੂੰਬਾ ਦੀ ਅਗਵਾਈ ਵਿਚ ਦੂਜੇ ਦਿਨ ਵੀ ਕੰਪਨੀ ਦਫਤਰ ਦਾ ਘਿਰਾਓ ਕਰ ਕੇ ਮੈਨੇਜਰ ਅਤੇ ਕੰਪਨੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਨ ਤੇ ਤੁਲੇ ਹੋਏ ਹਨ ਅਤੇ ਬਿਨਾਂ ਕਿਸੇ ਨੋਟਿਸ ਦੇ ਨੌਕਰੀ ਤੋਂ ਕੱਢ ਰਹੇ ਹਨ ਜਿਸ ਨੂੰ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਕੰਪਨੀ ਵੱਲੋਂ ਕੱਢੇ ਗਏ ਨੌਜਵਾਨਾਂ ਨੂੰ ਦੁਬਾਰਾ ਰੁਜਗਾਰ ਦਵਾਇਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਇਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਵਾਪਸ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਇਹ ਧਰਨਾ ਕੰਬਲੀ ਦਫ਼ਤਰ ਅੱਗੇ ਜਾਰੀ ਰਹੇਗਾ।