ਪੰਜਾਬ ਪੁਲਿਸ ਵੱਲੋਂ ਸੇਵਾ ਮੁਕਤ ਪੈਨਸ਼ਨਰਜ਼ ਸਾਥੀਆਂ ਦਾ ਵਿਸ਼ੇਸ਼ ਸਨਮਾਨ
ਨਵਾਂਸ਼ਹਿਰ, 19 ਦਸੰਬਰ (ਵਿਸ਼ਵ ਵਾਰਤਾ)-ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲਾ ਪੁਲਿਸ ਹੈੱਡ ਕੁਆਰਟਰ ਵਿਖੇ ਬਜ਼ੁਰਗ ਦਿਵਸ ਸਬੰਧੀ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਪੁਲਿਸ ਦੇ ਵਡੇਰੀ ਉਮਰ ਦੇ ਸੇਵਾ-ਮੁਕਤ ਪੈਨਸ਼ਨਰਜ਼ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਐਸ. ਪੀ (ਹੈੱਡ ਕੁਆਰਟਰ) ਮਨਵਿੰਦਰ ਬੀਰ ਸਿੰਘ ਅਤੇ ਡੀ. ਐਸ. ਪੀ (ਹੈੱਡ ਕੁਆਰਟਰ) ਨਵਨੀਤ ਕੌਰ ਗਿੱਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਨਮਾਨ ਸਮਾਰੋਹ ਦੌਰਾਨ ਡੀ. ਐਸ. ਪੀ ਬਨਾਰਸੀ ਦਾਸ, ਇੰਸ. ਮਦਨ ਲਾਲ, ਜਸਵਿੰਦਰ ਕੌਰ ਪਤਨੀ ਸਵਰਗੀ ਏ. ਐਸ. ਆਈ ਹੰਸ ਰਾਜ, ਮੁੱਖ ਸਿਪਾਹੀ ਬਲਵੀਰ ਸਿੰਘ ਅਤੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ. ਪੀ ਮਨਵਿੰਦਰ ਬੀਰ ਸਿੰਘ ਨੇ ਕਿਹਾ ਕਿ ਇਨਾਂ ਸਾਥੀਆਂ ਨੇ ਪੰਜਾਬ ਪੁਲਿਸ ਵਿਚ ਬਹੁਤ ਹੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ, ਜਿਸ ਲਈ ਇਹ ਵਧਾਈ ਦੇ ਪਾਤਰ ਹਨ। ਉਨਾਂ ਪੈਨਸ਼ਨਰਜ਼ ਸਾਥੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਚਾਲੂ ਸਾਲ ਦੌਰਾਨ ਸਵਰਗਵਾਸ ਹੋਏ ਸੇਵਾਮੁਕਤ ਪੁਲਿਸ ਕਰਮਚਾਰੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੌਕੇ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਹਰਬੰਸ ਸਿੰਘ ਅਤੇ ਜਨਰਲ ਸਕੱਤਰ ਗਰੀਬ ਦਾਸ ਤੋਂ ਇਲਾਵਾ ਸੇਵਾਮੁਕਤ ਡੀ. ਐਸ. ਪੀ ਹਰਭਜਨ ਸਿੰਘ, ਇੰਸ. ਗਰੀਬਦਾਸ, ਇੰਸ. ਹਰਬੰਸ ਸਿੰਘ, ਇੰਸ. ਗੁਰਦਿਆਲ ਸਿੰਘ, ਏ. ਐਸ. ਆਈ ਧਿਆਨ ਸਿੰਘ ਤੇ ਐਚ. ਸੀ ਹਰੀ ਸਿੰਘ ਆਦਿ ਹਾਜ਼ਰ ਸਨ।






















